ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸਕੂਲ ਨੂੰ ਸਿੱਖਿਆ ਦਾ ਮੰਦਰ ਕਿਹਾ ਜਾਂਦਾ ਹੈ ਜਿੱਥੇ ਬੱਚੇ ਸਿੱਖਿਆ ਪ੍ਰਾਪਤ ਕਰਦੇ ਹਨ ਅਤੇ ਆਪਣਾ ਭਵਿੱਖ ਸਵਾਰਦੇ ਹਨ ਪਰ ਵਿਦਿਆ ਦੇ ਮੰਦਰ ਤੋਂ ਕਈ ਵਾਰ ਅਧਿਆਪਕਾਂ ਦੁਆਰਾ ਬੱਚਿਆਂ ਨੂੰ ਸਜ਼ਾ ਦੇਣ ਦੀਆਂ ਅਜਿਹੀ ਘਟਨਾਵਾਂ ਵੀ ਸਾਹਮਣੇ ਆ ਜਾਂਦੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਰੂਹ ਕੰਬ ਜਾਂਦੀ ਹੈ। ਇਸੇ ਨਾਲ ਜੁੜਦਾ ਇਕ ਹੋਰ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਅਧਿਆਪਕ ਨੇ ਬੱਚਿਆਂ ਨੂੰ ਦੰਡ ਬੈਠਕਾਂ ਦੀ ਸਜ਼ਾ ਦੇ ਦਿੱਤੀ ਜਿਸ ਕਾਰਨ ਉਨ੍ਹਾਂ ਦਾ ਹਾਲਤ ਖਰਾਬ ਹੋ ਗਈ ਅਤੇ ਹਸਪਤਾਲ ਲਿਜਾਣਾ ਪਿਆ।
ਮੀਡੀਆ ਰਿਪੋਰਟਾ ਅਨੁਸਾਰ ਮਹਾਰਾਸ਼ਟਰ ਦੇ ਚੰਦਪੁਰ ਅਧੀਨ ਪੈਂਦੇ ਪਿੰਡ ਚਮੁਰ ਵਿਚ ਸਰਕਾਰ ਸਕੂਲ ਦੀ ਪ੍ਰਿੰਸੀਪਲ ਨੇ ਦਸਵੀ ਜਮਾਤ ਵਿਚ ਪੜਨ ਵਾਲੀ ਲਗਭਗ 38 ਵਿਦਿਆਰਥਣਾਂ ਨੂੰ ਇਸ ਕਰਕੇ ਦੰਡ ਬੈਠਕਾਂ ਦੀ ਸਜ਼ਾ ਦੇ ਦਿੱਤੀ ਕਿਉਂਕਿ ਉਨ੍ਹਾਂ ਦੇ ਚੱਲਣ ਕਰਕੇ ਸਕੂਲ ਦੀ ਅਸੈਂਬਲੀ ਡਿਸਟਰਬ ਹੋ ਰਹੀ ਸੀ ਜਿਸ ਤੋਂ ਖਫਾ ਹੋਈ ਸਕੂਲ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਸਕੂਲ ਦੇ ਹਰ ਕਲਾਸ ਰੂਪ ਵਿਚ ਲਿਜਾ ਕੇ 150 ਤੋਂ ਜਿਆਦਾ ਵਾਰ ਦੰਡ ਬੈਠਕਾਂ ਕਰਵਾਈਆਂ। ਇੰਨਾ ਹੀ ਨਹੀਂ ਪ੍ਰਿੰਸੀਪਲ ਨੇ ਇੱਥੋ ਤੱਕ ਵੀ ਕਹਿ ਦਿੱਤਾ ਕਿ ਜੇਕਰ ਇਹ ਸਜ਼ਾ ਪੂਰੀ ਨਾ ਕੀਤੀ ਤਾਂ ਉਨ੍ਹਾਂ ਦੇ ਪ੍ਰੈਕਟੀਕਲ ਪ੍ਰੀਖਿਆ ਵਿਚ ਨੰਬਰ ਨਹੀਂ ਜੋੜੇ ਜਾਣਗੇ।
ਰਿਪੋਰਟਾ ਅਨੁਸਾਰ ਵਿਦਿਆਰਥਣਾਂ ਨੇ ਦੱਸਿਆ ਕਿ 18 ਫਰਵਰੀ ਨੂੰ ਉਨ੍ਹਾਂ ਦੀ ਪ੍ਰੈਕਟੀਕਲ ਪ੍ਰੀਖਿਆ ਸੀ ਅਤੇ ਉਹ ਆਪਣੀ ਪ੍ਰੈਕਟਿਕਲ ਬੁੱਕ ਲੈਣ ਲਈ ਦੂਜੀ ਮੰਜਿਲ ਵੱਲ ਜਾ ਰਹੇ ਸਨ ਪਰ ਉਸੇ ਦੌਰਾਨ ਸਕੂਲ ਦੀ ਅਸੈਂਬਲੀ ਸ਼ੁਰੂ ਹੋ ਗਈ ਅਤੇ ਉਨ੍ਹਾਂ ਦੇ ਚੱਲਣ ਕਰਕੇ ਜੁੱਤਿਆ ਦੀ ਅਵਾਜ ਆਈ ਜਿਸ ਨੂੰ ਸੁਣ ਕੇ ਪ੍ਰਿੰਸੀਪਲ ਮੈਡਮ ਗੁੱਸੇ ਵਿਚ ਆ ਗਏ ਅਤੇ ਉਨ੍ਹਾਂ ਤੋਂ ਦੰਡ ਬੈਠਕਾਂ ਕਢਵਾਈਆਂ। ਵਿਦਿਆਰਥਣਾਂ ਅਨੁਸਾਰ ਉਨ੍ਹਾਂ ਨੇ ਪ੍ਰਿੰਸੀਪਲ ਅੱਗੇ ਸਜ਼ਾ ਮਾਫ ਕਰਨ ਦੇ ਤਰਲੇ ਵੀ ਕੀਤੇ ਪਰ ਪ੍ਰਿੰਸੀਪਲ ਨੇ ਇਕ ਨਾ ਸੁਣੀ ਅਤੇ ਇਹ ਧਮਕੀ ਦਿੱਤੀ ਕਿ ਜੇਕਰ ਦੰਡ ਬੈਠਕਾਂ ਪੂਰੀ ਨਹੀਂ ਕੀਤੀਆਂ ਤਾਂ ਉਨ੍ਹਾਂ ਦੇ ਪ੍ਰੈਕਟੀਕਲ ਵਿਚ ਨੰਬਰ ਨਹੀਂ ਜੋੜੇ ਜਾਣਗੇ।
ਪੀੜਤਾਂ ਨੇ ਦੱਸਿਆ ਕਿ ਦੂਜੇ ਦਿਨ ਸਕੂਲ ਆਉਣ ਤੇ ਉਨ੍ਹਾਂ ਨੂੰ ਸਰੀਰ ਵਿਚ ਦਰਦ ਮਹਿਸੂਸ ਹੋਣ ਲੱਗਿਆ ਜਿਸ ਕਰਕੇ ਛੇ ਲੜਕੀਆਂ ਨੂੰ ਇਕ ਅਧਿਆਪਕ ਹਸਪਤਾਲ ਲੈ ਗਈ ਅਤੇ ਉਨ੍ਹਾਂ ਦਾ ਇਲਾਜ ਕਰਵਾਇਆ ਗਿਆ । ਉੱਥੇ ਹੀ ਇਸ ਪੂਰੇ ਮਾਮਲੇ ਉੱਤੇ ਡਾਕਟਰਾਂ ਨੇ ਦੱਸਿਆ ਕਿ ਲੜਕੀਆਂ ਦੇ ਪੈਰ ਕਾਫੀ ਸੁੱਜ ਚੁੱਕੇ ਸਨ ਅਤੇ ਦੰਡ ਬੈਠਕਾਂ ਕਰਕੇ ਉਨ੍ਹਾਂ ਦਾ ਪੂਰਾ ਸਰੀਰ ਜਕੜ ਚੁੱਕਿਆ ਸੀ। ਜਿਸ ਕਰਕੇ ਉਨ੍ਹਾਂ ਨੂੰ ਚੱਲਣ ਵਿਚ ਕਾਫ਼ੀ ਪਰੇਸ਼ਾਨੀ ਮਹਿਸੂਸ ਹੋ ਰਹੀ ਸੀ। ਡਾਕਟਰਾਂ ਅਨੁਸਾਰ ਸਾਰੀਆਂ ਵਿਦਿਆਰਥਣਾਂ ਦਾ ਇਲਾਜ ਕਰਕੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਅਤੇ ਸਿੱਖਿਆ ਵਿਭਾਗ ਨੂੰ ਕਰ ਦਿੱਤੀ ਗਈ ਹੈ।



