ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਿਆਸ ਦੇ ਬਾਬਾ ਬਕਾਲਾ ਦੇ ਨਿਜੀ ਸਕੂਲ ਵਿੱਚ 8 ਸਾਲਾਂ ਮਸੂਮ ਨਾਲ ਹੋਇਆ ਜਬਰ-ਜਨਾਹ ਦਾ ਮਾਮਲਾ ਹੁਣ ਭੱਖਦਾ ਨਜ਼ਰ ਆਇਆ ਹੈ। ਲੋਕਾਂ ਨੇ ਸਕੂਲ ਖਿਲਾਫ਼ ਰੋਸ ਮੁਜਾਹਰਾ ਕੀਤਾ ਹੈ ਅਤੇ ਸਕੂਲ ਦੀ ਮਾਨਤਾ ਰੱਦ ਕਰਨ ਦੀ ਮੰਗ ਕੀਤੀ ਹੈ। ਉੱਥੇ ਹੀ ਦੂਜੇ ਪਾਸੇ ਪੀੜਿਤ ਬੱਚੀ ਦੇ ਇਨਸਾਫ਼ ਲਈ ਬਿਆਸ ਨੂੰ ਬੰਦ ਰੱਖਿਆ ਗਿਆ ਹੈ। ਮੌਜੂਦਾ ਸਥਿਤੀ ਨੂੰ ਦੇਖਦਿਆਂ ਸਕੂਲ਼ ਬਾਹਰ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਦੂਜੇ ਪਾਸੇ ਪੀੜਿਤ ਬੱਚੀ ਦਾ ਪਰਿਵਾਰ ਲਾਪਤਾ ਹੈ। ਕਿੱਥੇ ਗਿਆ ਹੈ ਪਰਿਵਾਰ, ਇਸ ਦਾ ਕਿਸੇ ਨੂੰ ਨਹੀਂ ਪਤਾ।
ਸ਼ੁਕਰਵਾਰ ਨੂੰ ਥਾਣਾ ਬਿਆਸ ਦੇ ਸੈਕਰਡ ਹਾਰਟ ਸਕੂਲ ਦੀ ਨੌਵੀਂ ਜਮਾਤ ਦੇ ਇੱਕ 15 ਸਾਲਾ ਵਿਦਿਆਰਥੀ ਨੇ ਸਕੂਲ ਵਿੱਚ ਦੂਜੀ ਜਮਾਤ ਵਿੱਚ ਪੜ੍ਹਦੀ ਅੱਠ ਸਾਲਾ ਲੜਕੀ ਦਾ ਬਲਾਤਕਾਰ ਕੀਤਾ। ਪੁਲਿਸ ਨੇ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਮਸੂਮ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ, ਉਨ੍ਹਾਂ ਬੱਚੀ ਨੂੰ 8ਵਜੇ ਸਕੂਲ ਭੇਜੀਆ ਸੀ। ਤਕਰੀਬਨ ਦੋ ਘੰਟਿਆਂ ਬਾਅਦ ਸਕੂਲ ਤੋਂ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਬੱਚੀ ਰੋ ਰਹੀ ਹੈ, ਜਦੋਂ ਉਹ ਸਕੂਲ ਪਹੁੰਚੇ ਤਾਂ ਲੜਕੀ ਨੇ ਦੱਸਿਆ ਕਿ, ਸਕੂਲ ਦੇ ਇਕ ਵਿਦਿਆਰਥੀ ਨੇ ਉਸ ਨਾਲ ਬਦਸਲੂਕੀ ਕੀਤੀ ਸੀ। ਉਹ ਬੱਚੇ ਨੂੰ ਘਰ ਲੈ ਆਏ। ਕੁਝ ਸਮੇਂ ਬਾਅਦ ਲੜਕੀ ਨੇ ਮਾਂ ਨੂੰ ਬਲਾਤਕਾਰ ਬਾਰੇ ਦੱਸਿਆ। ਪਹਿਲਾਂ ਸਕੂਲ ਪ੍ਰਬੰਧਨ ਨੇ ਇਸ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਪੀੜਤ ਲੜਕੀ ਦੇ ਪਰਿਵਾਰ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ।
ਘਟਨਾ ਤੋਂ ਬਾਅਦ ਬੱਚੀ ਦੇ ਪਰਿਵਾਰ ਤੇ ਦਬਾਅ ਬਣਿਆ ਹੋਇਆ ਸੀ। ਪੁਲਿਸ ਨੇ ਮਾਂ ਦੇ ਬਿਆਨ ਦੇ ਆਧਾਰ ‘ਤੇ ਪੋਕਸੋ ਐਕਟ ਅਤੇ ਧਾਰਾ 376 ਦੇ ਤਹਿਤ ਮਾਮਲਾ ਦਰਜ ਕਰਦੇ ਹੋਏ ਉਸ ਨੂੰ ਜੁਵੇਨਾਈਲ ਹੋਮ ਹੁਸ਼ਿਆਰਪੁਰ ਭੇਜਿਆ ਗਿਆ ਸੀ। ਪੁਲਿਸ ਦੇ ਮੁਤਾਬਿਕ ਬੱਚੀ ਦਾ ਪਰਿਵਾਰ ਸ਼ਨਿਵਾਰ ਨੂੰ ਵੀ ਮੇਡੀਕਲ ਲਈ ਰਜਾਮੰਦ ਨਹੀਂ ਹੋ ਸਕਿਆ ਹੈ। ਇਸੇ ਕਾਰਨ ਐਤਵਾਰ ਦਾ ਦਿਨ ਤੈਅ ਕੀਤਾ ਗਿਆ ਸੀ। ਪਰਿਵਾਰ ਦੇ ਗਾਇਬ ਹੋਣ ਕਾਰਨ ਇਲਾਕੇ ਦੇ ਲੋਕਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

