ਰੂਪਨਗਰ : ਰੂਪਨਗਰ ਪੁਲਿਸ ਨੇ ਇੱਕ ਸਥਾਨਕ ਦੁਕਾਨਦਾਰ ਨੂੰ ਹਨੀ ਟਰੈਪ ਵਿੱਚ ਫਸਾ ਕੇ ਉਸ ਤੋਂ 1 ਲੱਖ 90 ਹਜ਼ਾਰ ਰੁਪਏ ਦੀ ਫਿਰੌਤੀ ਵਸੂਲਣ ਅਤੇ ਬਲੈਕਮੇਲ ਕਰਨ ਦੇ ਗੰਭੀਰ ਮਾਮਲੇ ਵਿੱਚ ਦੋ ਔਰਤਾਂ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਫੋਨ ਕਾਲ ਰਾਹੀਂ ਜਾਲ ਵਿੱਚ ਫਸਾ ਕੇ ਬੁਲਾਇਆ ਹੁਸ਼ਿਆਰਪੁਰ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੀੜਤ ਦੁਕਾਨਦਾਰ ਨੂੰ ਪਹਿਲਾਂ ਇੱਕ ਫੋਨ ਕਾਲ ਦੇ ਜ਼ਰੀਏ ਸਾਜ਼ਿਸ਼ ਤਹਿਤ ਆਪਣੇ ਜਾਲ ਵਿੱਚ ਫਸਾਇਆ ਗਿਆ। ਇਸ ਤੋਂ ਬਾਅਦ ਉਸ ਨੂੰ ਹੁਸ਼ਿਆਰਪੁਰ ਬੁਲਾਇਆ ਗਿਆ, ਜਿੱਥੇ ਮੁਲਜ਼ਮਾਂ ਨੇ ਉਸ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਕਮਰੇ ਵਿੱਚ ਬੰਦ ਕਰਨ ਤੋਂ ਬਾਅਦ ਉਸ ਦੀਆਂ ਇਤਰਾਜ਼ਯੋਗ ਵੀਡੀਓਜ਼ ਬਣਾਈਆਂ ਗਈਆਂ, ਜਿਨ੍ਹਾਂ ਨੂੰ ਆਧਾਰ ਬਣਾ ਕੇ ਬਾਅਦ ਵਿੱਚ ਉਸ ਨੂੰ ਲਗਾਤਾਰ ਬਲੈਕਮੇਲ ਕੀਤਾ ਜਾਣ ਲੱਗਾ।
1 ਲੱਖ 90 ਹਜ਼ਾਰ ਰੁਪਏ ਦੀ ਵਸੂਲੀ ਅਤੇ ਬਰਾਮਦਗੀ
ਪੀੜਤ ਦੁਕਾਨਦਾਰ ਤੋਂ ਬਲੈਕਮੇਲਿੰਗ ਕਰਕੇ ਕੁੱਲ 1 ਲੱਖ 90 ਹਜ਼ਾਰ ਰੁਪਏ ਲਏ ਗਏ ਸਨ। ਇਸ ਰਕਮ ਵਿੱਚੋਂ ਕੁਝ ਪੈਸੇ ਯੂ.ਪੀ.ਆਈ. (UPI) ਰਾਹੀਂ ਆਨਲਾਈਨ ਟਰਾਂਸਫਰ ਕਰਵਾਏ ਗਏ, ਕੁਝ ਨਕਦ ਲਏ ਗਏ ਅਤੇ ਕੁਝ ਪੈਸੇ ਜ਼ਬਰਦਸਤੀ ਵਸੂਲੇ ਗਏ। ਕਾਰਵਾਈ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਕਾਰ, 5 ਮੋਬਾਈਲ ਫੋਨ ਅਤੇ 20 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।
ਪੁਲਿਸ ਵੱਲੋਂ ਮਾਮਲੇ ਦੀ ਅੱਗੇ ਦੀ ਜਾਂਚ ਜਾਰੀ
ਸਿਟੀ ਰੂਪਨਗਰ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਜੇਕਰ ਜਾਂਚ ਦੌਰਾਨ ਇਸ ਘਟਨਾ ਵਿੱਚ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ, ਤਾਂ ਉਸ ਖ਼ਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



