ਲੁਧਿਆਣਾ: ਉਦਯੋਗਿਕ ਨਗਰੀ ਲੁਧਿਆਣਾ ਵਿੱਚ ਅਪਰਾਧੀਆਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਹੁਣ ਦਿਨ-ਦਿਹਾੜੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਕੋਟ ਮੰਗਲ ਸਿੰਘ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਸ਼ਖਸ ਜਵੈਲਰੀ ਦੀ ਦੁਕਾਨ ਤੋਂ ਸੋਨੇ ਦਾ ਕੜਾ ਦੇਖਣ ਦੇ ਬਹਾਨੇ ਉਸ ਨੂੰ ਲੈ ਕੇ ਫਰਾਰ ਹੋ ਗਿਆ। ਇਸ ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੁਕਾਨਦਾਰ ਆਪਣਾ ਮਾਲ ਬਚਾਉਣ ਲਈ ਲੁਟੇਰੇ ਦੇ ਮੋਟਰਸਾਈਕਲ ਪਿੱਛੇ ਲਟਕਦਾ ਦਿਖਾਈ ਦੇ ਰਿਹਾ ਹੈ।
ਗਾਹਕ ਬਣ ਕੇ ਆਇਆ ਅਤੇ ਮਾਰੀ ਝਪਟ
ਪੀੜਤ ਦੁਕਾਨਦਾਰ ਅਨੁਸਾਰ, ਉਕਤ ਸ਼ਖਸ ਗਾਹਕ ਬਣ ਕੇ ਦੁਕਾਨ ਅੰਦਰ ਦਾਖਲ ਹੋਇਆ ਅਤੇ ਸੋਨੇ ਦਾ ਕੜਾ ਦਿਖਾਉਣ ਲਈ ਕਿਹਾ। ਉਸ ਨੇ ਕੜਾ ਆਪਣੇ ਹੱਥ ਵਿੱਚ ਪਾ ਕੇ ਚੈੱਕ ਕਰਨ ਦਾ ਬਹਾਨਾ ਬਣਾਇਆ ਅਤੇ ਅਚਾਨਕ ਦੁਕਾਨ ਤੋਂ ਬਾਹਰ ਭੱਜ ਨਿਕਲਿਆ। ਦੱਸਿਆ ਜਾ ਰਿਹਾ ਹੈ ਕਿ ਸੋਨੇ ਦੇ ਕੜੇ ਦਾ ਵਜ਼ਨ ਕਰੀਬ 3 ਤੋਂ 4 ਤੋਲੇ ਸੀ।
ਮੋਟਰਸਾਈਕਲ ਪਿੱਛੇ ਲਟਕਿਆ ਦੁਕਾਨਦਾਰ
ਲੁਟੇਰੇ ਨੂੰ ਭੱਜਦਿਆਂ ਦੇਖ ਸੁਨਿਆਰੇ ਨੇ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਉਸ ਦਾ ਪਿੱਛਾ ਕੀਤਾ। ਜਿਵੇਂ ਹੀ ਲੁਟੇਰਾ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਭੱਜਣ ਲੱਗਾ, ਦੁਕਾਨਦਾਰ ਨੇ ਉਸ ਨੂੰ ਫੜਨ ਲਈ ਮੋਟਰਸਾਈਕਲ ਦੇ ਪਿੱਛੇ ਛਾਲ ਮਾਰ ਦਿੱਤੀ ਅਤੇ ਕਾਫੀ ਦੂਰ ਤੱਕ ਲਟਕਦਾ ਰਿਹਾ। ਹਾਲਾਂਕਿ, ਮੋਟਰਸਾਈਕਲ ਦੀ ਰਫ਼ਤਾਰ ਤੇਜ਼ ਹੋਣ ਕਾਰਨ ਦੁਕਾਨਦਾਰ ਸੰਤੁਲਨ ਵਿਗੜਨ ਕਾਰਨ ਸੜਕ ‘ਤੇ ਜਾ ਡਿੱਗਿਆ, ਜਿਸ ਕਾਰਨ ਉਸ ਨੂੰ ਸੱਟਾਂ ਵੀ ਲੱਗੀਆਂ ਹਨ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜੋ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਘਟਨਾ ਤੋਂ ਤੁਰੰਤ ਬਾਅਦ ਦੁਕਾਨਦਾਰ ਵੱਲੋਂ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਡੀਓ ਦੇ ਆਧਾਰ ‘ਤੇ ਮੁਲਜ਼ਮ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਵਾਰਦਾਤ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਵਿੱਚ ਭਾਰੀ ਰੋਸ ਅਤੇ ਦਹਿਸ਼ਤ ਦਾ ਮਾਹੌਲ ਹੈ।



