ਮਾਨਸਾ : ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਦੇ ਕਈ ਮਹੀਨੇ ਬੀਤ ਜਾਣ ਦੇ ਬਾਅਦ ਵੀ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਹੈ ਜਿਸ ਕਾਰਨ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਜ਼ਿਮਨੀ ਚੋਣ ਦੇ ਮੱਦੇਨਜ਼ਰ ਜਲੰਧਰ ’ਚ ਜਨਤਾ ਕੋਲ ਜਾ ਕੇ ‘ਜਸਟਿਸ ਫ਼ਾਰ ਸਿੱਧੂ ਮੂਸੇਵਾਲਾ’ ਲਈ ਅਪੀਲ ਕੀਤੀ ਜਾਵੇਗੀ। ਸਰਕਾਰਾਂ ਵੱਲੋਂ ਸਿੱਧੂ ਦੇ ਕਤਲ ਦਾ ਇਨਸਾਫ਼ ਨਾ ਦਿੱਤੇ ਜਾਣ ਅਤੇ ਸਰਕਾਰਾਂ ਵੱਲੋਂ ਗੰਭੀਰਤਾ ਨਾ ਦਿਖਾਏ ਜਾਣ ਦੀ ਗੱਲ ਲੋਕਾਂ ਕੋਲ ਰੱਖਣਗੇ।
ਬਲਕੌਰ ਸਿੰਘ 5 ਅਤੇ 6 ਮਈ ਨੂੰ ਜਲੰਧਰ ’ਚ ਵੱਖ ਵੱਖ ਇਲਾਕਿਆਂ ’ਚ ‘ਆਪ’ ਦੇ ਖ਼ਿਲਾਫ਼ ਪ੍ਰਚਾਰ ਕਰਨਗੇ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਹੈ ਕਿ 5 ਮਈ ਨੂੰ ਜਲੰਧਰ ਜਾਣਗੇ। ਸਿੱਧੂ ਮੂਸੇਵਾਲਾ ਦੇ ਮਾਮਲੇ ’ਚ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਹੈ ਅਤੇ ‘ਆਪ’ ਸਰਕਾਰ ਵੱਲੋਂ ਇਸ ਮਾਮਲੇ ’ਚ ਇਨਸਾਫ਼ ਦੇਣ ਲਈ ਰਵੱਈਆ ਵੀ ਠੀਕ ਨਹੀਂ ਰੱਖਿਆ ਗਿਆ। ‘ਜਸਟਿਸ ਫ਼ਾਰ ਸਿੱਧੂ ਮੂਸੇਵਾਲਾ’ ਦੇ ਸਬੰਧ ’ਚ ਜਲੰਧਰ ਜ਼ਿਮਨੀ ਚੋਣ ’ਚ ਲੋਕਾਂ ਕੋਲ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਚੋਣਾਂ ਦਾ ਸਮਾਂ ਹੈ ਅਤੇ ਸਰਕਾਰ ਇਲਾਕੇ ’ਚ ਪੁੱਜੀ ਹੋਈ ਹੈ।
