ਮੁੰਬਈ: ਬਾਲੀਵੁੱਡ ਦੇ ਦਿੱਗਜ ਕਾਮੇਡੀ ਅਦਾਕਾਰ ਰਾਜਪਾਲ ਯਾਦਵ ਲਈ ਪਿਛਲਾ ਸਮਾਂ ਕਾਫ਼ੀ ਚੁਣੌਤੀਪੂਰਨ ਰਿਹਾ ਹੈ। ਚੈੱਕ ਬਾਊਂਸ ਮਾਮਲੇ ਵਿੱਚ ਜੇਲ੍ਹ ਦੀ ਹਵਾ ਖਾਣ ਤੋਂ ਬਾਅਦ ਹੁਣ ਅਦਾਕਾਰ ਮੁੜ ਤੋਂ ਆਪਣੇ ਕੰਮ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ। ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਵੀ ਰਾਜਪਾਲ ਯਾਦਵ ਨੇ ਇੱਕ ਵੱਡਾ ਮੁਕਾਮ ਹਾਸਲ ਕਰ ਲਿਆ ਹੈ, ਜਿਸ ਦੀ ਖ਼ੁਸ਼ੀ ਉਨ੍ਹਾਂ ਨੇ ਅੱਜ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ।
ਯੂਟਿਊਬ ‘ਤੇ ‘ਸਿਲਵਰ ਪਲੇ ਬਟਨ‘ ਦੀ ਦਹਿਲੀਜ਼ ‘ਤੇ ਰਾਜਪਾਲ
ਰਾਜਪਾਲ ਯਾਦਵ ਨੇ ਐਤਵਾਰ ਨੂੰ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਯੂਟਿਊਬ ਚੈਨਲ ਨੇ 1 ਲੱਖ ਸਬਸਕ੍ਰਾਈਬਰਸ ਦਾ ਅੰਕੜਾ ਪਾਰ ਕਰ ਲਿਆ ਹੈ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਨੇ ਇਹ ਚੈਨਲ ਮਹਿਜ਼ 28 ਫਰਵਰੀ ਨੂੰ ਲਾਂਚ ਕੀਤਾ ਸੀ ਅਤੇ ਬਹੁਤ ਘੱਟ ਸਮੇਂ ਵਿੱਚ ਉਨ੍ਹਾਂ ਦੀਆਂ ਵੀਡੀਓਜ਼ ਨੂੰ 2.5 ਕਰੋੜ (ਢਾਈ ਕਰੋੜ) ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
View this post on Instagram
ਅਦਾਕਾਰ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਲਿਖਿਆ, “100K ਦਾ ਯੂਟਿਊਬ ਪਰਿਵਾਰ ਉਹ ਵੀ ਇੰਨੀ ਜਲਦੀ! ਇੰਨਾ ਪਿਆਰ ਦੇਣ ਲਈ ਸ਼ੁਕਰੀਆ। ਮੈਂ ਤੁਹਾਨੂੰ ਹੋਰ ਵੀ ਜ਼ਿਆਦਾ ਮਨੋਰੰਜਨ ਦੇਣ ਲਈ ਤਿਆਰ ਹਾਂ।”
ਚੈੱਕ ਬਾਊਂਸ ਕੇਸ ਅਤੇ ਜੇਲ੍ਹ ਯਾਤਰਾ
ਦੱਸਣਯੋਗ ਹੈ ਕਿ ਰਾਜਪਾਲ ਯਾਦਵ ਨੂੰ 9 ਕਰੋੜ ਰੁਪਏ ਦੇ ਚੈੱਕ ਬਾਊਂਸ ਕੇਸ ਵਿੱਚ ਤਿਹਾੜ ਜੇਲ੍ਹ ਵਿੱਚ ਆਤਮ-ਸਮਰਪਣ ਕਰਨਾ ਪਿਆ ਸੀ। ਹਾਲਾਂਕਿ, ਕਈ ਫਿਲਮੀ ਸਿਤਾਰਿਆਂ ਨੇ ਉਸ ਸਮੇਂ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਸੀ। ਫਿਲਹਾਲ ਉਹ ਅੰਤਰਿਮ ਜ਼ਮਾਨਤ ‘ਤੇ ਬਾਹਰ ਹਨ ਅਤੇ ਇਸ ਮਾਮਲੇ ‘ਚ ਬੀਤੇ ਵੀਰਵਾਰ (2 ਅਪ੍ਰੈਲ) ਨੂੰ ਹਾਈ ਕੋਰਟ ਨੇ ਸੁਣਵਾਈ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ।
ਅਕਸ਼ੈ ਕੁਮਾਰ ਨਾਲ ‘ਭੂਤ ਬੰਗਲਾ‘ ‘ਚ ਆਉਣਗੇ ਨਜ਼ਰ
ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਰਾਜਪਾਲ ਯਾਦਵ ਆਪਣੇ ‘ਵਰਕ ਮੋਡ’ ਵਿੱਚ ਹਨ। ਉਨ੍ਹਾਂ ਦੇ ਆਉਣ ਵਾਲੇ ਪ੍ਰੋਜੈਕਟਾਂ ਵਿੱਚ ਸਭ ਤੋਂ ਅਹਿਮ ਫਿਲਮ ‘ਭੂਤ ਬੰਗਲਾ’ ਹੈ, ਜਿਸ ਵਿੱਚ ਉਹ ਅਕਸ਼ੈ ਕੁਮਾਰ ਨਾਲ ਮੁੜ ਸਕ੍ਰੀਨ ਸਾਂਝੀ ਕਰਨਗੇ। ਇਹ ਫਿਲਮ 16 ਅਪ੍ਰੈਲ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ, ਉਹ ਮਲਟੀ-ਸਟਾਰਰ ਫਿਲਮ ‘ਵੈਲਕਮ ਟੂ ਦਾ ਜੰਗਲ’ ਵਿੱਚ ਵੀ ਆਪਣੀ ਕਾਮੇਡੀ ਦਾ ਜਲਵਾ ਦਿਖਾਉਂਦੇ ਨਜ਼ਰ ਆਉਣਗੇ।



