ਦਿੱਲੀ : ਸੁਪਰੀਮ ਕੋਰਟ ਨੇ ਹਨੀਮੂਨ ਦੌਰਾਨ ਆਪਣੇ ਪਤੀ Raja Raghuvanshi ਦੀ ਹੱਤਿਆ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਸੋਨਮ ਰਘੁਵੰਸ਼ੀ ਨੂੰ ਮਿਲੀ ਜ਼ਮਾਨਤ ਰੱਦ ਕਰ ਦਿੱਤੀ ਹੈ। ਅਦਾਲਤ ਨੇ ਸੋਨਮ ਨੂੰ ਤਿੰਨ ਹਫ਼ਤਿਆਂ ਦੇ ਅੰਦਰ ਪੁਲਿਸ ਅੱਗੇ ਆਤਮ ਸਮਰਪਣ ਕਰਨ ਦੇ ਹੁਕਮ ਦਿੱਤੇ ਹਨ। ਨਾਲ ਹੀ ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਕਿ ਜੇਕਰ ਛੇ ਮਹੀਨਿਆਂ ਦੇ ਅੰਦਰ ਮੁਕੱਦਮੇ ਦੀ ਸੁਣਵਾਈ ਪੂਰੀ ਨਹੀਂ ਹੁੰਦੀ ਤਾਂ ਸੋਨਮ ਨੂੰ ਮੁੜ ਜ਼ਮਾਨਤ ਲਈ ਅਰਜ਼ੀ ਦਾਇਰ ਕਰਨ ਦਾ ਅਧਿਕਾਰ ਹੋਵੇਗਾ।
ਹਾਈ ਕੋਰਟ ਅਤੇ ਟ੍ਰਾਇਲ ਕੋਰਟ ਦੇ ਫ਼ੈਸਲੇ ਨੂੰ ਦੱਸਿਆ ਗਲਤ
ਜਸਟਿਸ ਐਮ.ਐਮ. ਸੁੰਦਰੇਸ਼ ਅਤੇ ਜਸਟਿਸ ਪੀ.ਬੀ. ਵਰਾਲੇ ਦੀ ਬੈਂਚ ਨੇ ਕਿਹਾ ਕਿ ਹਾਈ ਕੋਰਟ ਅਤੇ ਟ੍ਰਾਇਲ ਕੋਰਟ ਨੇ ਗ੍ਰਿਫ਼ਤਾਰੀ ਦੇ ਕਾਰਨਾਂ ਦੀ ਜਾਣਕਾਰੀ ਨਾ ਦੇਣ ਦੇ ਕਥਿਤ ਆਧਾਰ ‘ਤੇ ਜ਼ਮਾਨਤ ਦੇ ਕੇ ਗਲਤੀ ਕੀਤੀ ਸੀ। ਅਦਾਲਤ ਨੇ ਕਿਹਾ ਕਿ ਸੰਵਿਧਾਨ ਦੇ ਆਰਟੀਕਲ 22(1) ਤਹਿਤ ਗ੍ਰਿਫ਼ਤਾਰੀ ਦੇ ਕਾਰਨਾਂ ਬਾਰੇ ਜਾਣਕਾਰੀ ਦੇਣਾ ਲਾਜ਼ਮੀ ਹੈ, ਪਰ ਇਸ ਮਾਮਲੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਸੋਨਮ ਨੂੰ ਗ੍ਰਿਫ਼ਤਾਰੀ ਦਾ ਕਾਰਨ ਬਿਲਕੁਲ ਨਹੀਂ ਦੱਸਿਆ ਗਿਆ ਸੀ।
ਮੇਘਾਲਿਆ ਸਰਕਾਰ ਦੀ ਅਪੀਲ ਨੂੰ ਮਿਲੀ ਮਨਜ਼ੂਰੀ
ਮੇਘਾਲਿਆ ਸਰਕਾਰ ਵੱਲੋਂ ਦਾਇਰ ਕੀਤੀ ਅਪੀਲ ਨੂੰ ਸਵੀਕਾਰ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰੀ ਦੇ ਕਾਰਨਾਂ ਦੀ ਜਾਣਕਾਰੀ ਦਿੱਤੀ ਗਈ ਸੀ, ਭਾਵੇਂ ਉਸ ਵਿੱਚ ਕੁਝ ਤਕਨੀਕੀ ਕਮੀਆਂ ਸਨ। ਅਦਾਲਤ ਨੇ ਕਿਹਾ ਕਿ ਕਾਰਨ ਨਾ ਦੱਸਣਾ ਅਤੇ ਕਾਰਨਾਂ ਦੀ ਜਾਣਕਾਰੀ ਵਿੱਚ ਪੂਰਾ ਵੇਰਵਾ ਨਾ ਹੋਣਾ, ਦੋਵੇਂ ਵੱਖ-ਵੱਖ ਗੱਲਾਂ ਹਨ। ਇਸ ਲਈ ਸਿਰਫ਼ ਇਸ ਆਧਾਰ ‘ਤੇ ਜ਼ਮਾਨਤ ਦੇਣਾ ਠੀਕ ਨਹੀਂ ਸੀ।
ਧਾਰਾ ਦਾ ਗਲਤ ਜ਼ਿਕਰ ਬਣਿਆ ਸੀ ਵਿਵਾਦ ਦਾ ਕਾਰਨ
ਇਸ ਮਾਮਲੇ ਵਿੱਚ ਵਿਵਾਦ ਉਸ ਸਮੇਂ ਖੜ੍ਹਾ ਹੋਇਆ ਜਦੋਂ ਗ੍ਰਿਫ਼ਤਾਰੀ ਦਸਤਾਵੇਜ਼ਾਂ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 103(1) ਦੀ ਥਾਂ ਗਲਤੀ ਨਾਲ ਧਾਰਾ 403(1) ਦਾ ਜ਼ਿਕਰ ਕਰ ਦਿੱਤਾ ਗਿਆ। ਸੋਨਮ ਰਘੁਵੰਸ਼ੀ ਨੇ ਸੁਪਰੀਮ ਕੋਰਟ ਦੇ ਪਿਛਲੇ ਮਿਹਿਰ ਰਾਜੇਸ਼ ਸ਼ਾਹ ਮਾਮਲੇ ਦਾ ਹਵਾਲਾ ਦਿੰਦਿਆਂ ਦਲੀਲ ਦਿੱਤੀ ਸੀ ਕਿ ਉਨ੍ਹਾਂ ਨੂੰ ਗ੍ਰਿਫ਼ਤਾਰੀ ਦੇ ਸਹੀ ਕਾਰਨਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ। ਇਸ ਦਲੀਲ ਨੂੰ ਟ੍ਰਾਇਲ ਕੋਰਟ ਅਤੇ ਬਾਅਦ ਵਿੱਚ ਹਾਈ ਕੋਰਟ ਨੇ ਵੀ ਸਵੀਕਾਰ ਕਰ ਲਿਆ ਸੀ, ਪਰ ਹੁਣ ਸੁਪਰੀਮ ਕੋਰਟ ਨੇ ਇਸ ਨੂੰ ਖਾਰਜ ਕਰ ਦਿੱਤਾ ਹੈ।
ਹਨੀਮੂਨ ਦੌਰਾਨ ਕੀਤਾ ਸੀ ਕਤਲ
ਅਭਿਯੋਗ ਪੱਖ ਦੇ ਮੁਤਾਬਕ, ਮੱਧ ਪ੍ਰਦੇਸ਼ ਦੇ ਇੰਦੌਰ ਦੀ ਰਹਿਣ ਵਾਲੀ ਸੋਨਮ ਰਘੁਵੰਸ਼ੀ ਵਿਆਹ ਤੋਂ ਬਾਅਦ ਆਪਣੇ ਪਤੀ ਅਤੇ ਕਾਰੋਬਾਰੀ ਰਾਜਾ ਰਘੁਵੰਸ਼ੀ ਨਾਲ ਮੇਘਾਲਿਆ ਘੁੰਮਣ ਗਈ ਸੀ। ਦੋਸ਼ ਹੈ ਕਿ ਉੱਥੇ ਉਸ ਨੇ ਤਿੰਨ ਹੋਰ ਵਿਅਕਤੀਆਂ ਦੀ ਮਦਦ ਨਾਲ ਆਪਣੇ ਪਤੀ ਦੀ ਹੱਤਿਆ ਕਰਵਾਈ ਅਤੇ ਲਾਸ਼ ਨੂੰ ਇੱਕ ਡੂੰਘੀ ਖੱਡ ਵਿੱਚ ਸੁੱਟ ਦਿੱਤਾ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਇਹ ਤਿੰਨੇ ਵਿਅਕਤੀ ਕਥਿਤ ਤੌਰ ‘ਤੇ ਸੋਨਮ ਵੱਲੋਂ ਹੀ ਇਸ ਕਤਲ ਲਈ ਕਿਰਾਏ ‘ਤੇ ਰੱਖੇ ਗਏ ਸਨ।
ਜੂਨ 2025 ਵਿੱਚ ਹੋਈ ਸੀ ਗ੍ਰਿਫ਼ਤਾਰੀ
ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਜੋੜਾ 23 ਮਈ 2025 ਨੂੰ ਮੇਘਾਲਿਆ ਦੇ ਸੋਹਰਾ ਖੇਤਰ ਵਿੱਚ ਘੁੰਮਣ ਦੌਰਾਨ ਲਾਪਤਾ ਹੋ ਗਿਆ ਸੀ। ਬਾਅਦ ਵਿੱਚ 2 ਜੂਨ 2025 ਨੂੰ ਰਾਜਾ ਰਘੁਵੰਸ਼ੀ ਦੀ ਲਾਸ਼ ਇੱਕ ਡੂੰਘੀ ਖੱਡ ਵਿੱਚੋਂ ਬਰਾਮਦ ਹੋਈ। ਇਸ ਤੋਂ ਬਾਅਦ ਜਾਂਚ ਅੱਗੇ ਵਧੀ ਅਤੇ 9 ਜੂਨ 2025 ਨੂੰ ਸੋਨਮ ਰਘੁਵੰਸ਼ੀ ਨੂੰ ਇਸ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

