ਸੁਲਤਾਨਪੁਰ ਲੋਧੀ: ਪੰਜਾਬ ਤੋਂ ਕੈਨੇਡਾ ਜਾਣ ਦਾ ਸਫਰ ਪੰਜਾਬੀਆਂ ਦਾ ਹਲੇ ਜਾਰੀ ਹੈ। ਇਸ ਦੌਰਾਨ ਇਕ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬੀ ਨੌਜਵਾਨਾਂ ਦੀ ਲਗਾਤਾਰ ਮੌਤਾਂ ਹੋ ਰਹੀਆਂ ਹਨ। ਜੋ ਕਿ ਬੇਹੱਦ ਦੁੱਖਦਾਇਕ ਹਨ। ਹੁਣ ਸੁਲਤਾਨਪੁਰ ਲੋਧੀ ਦੇ ਪਿੰਡ ਥਿੱਗਲੀ ਦੇ ਸਰਪੰਚ ਕੁਲਵੰਤ ਰਾਏ ਭੱਲਾ ਦੇ ਨੌਜਵਾਨ ਪੁੱਤਰ ਦੀ ਸੁੱਖਾ ਥਿੱਗਲੀ ਦੀ ਅਚਨਚੇਤ ਮੌਤ ਹੋ ਗਈ ਹੈ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਜ਼ਿਕਰਯੋਗ ਹੈ ਕਿ ਸੁਖਦੇਵ ਸ਼ਰਮਾ ਉਰਫ ਸੁੱਖਾ ਥਿਗਲੀ , ਜੋ ਕਿ ਆਸਟ੍ਰੇਲੀਆ ਵਿਚ ਸੈਂਟਰ ਸੀ ਉਸਦਾ ਵਿਆਹ ਕਰੀਬ 14 ਮਹੀਨੇ ਪਹਿਲਾਂ ਪਿਛਲੇ ਸਾਲ ਸਤੰਬਰ ਮਹੀਨੇ ਵਿਚ ਬੜੇ ਹੀ ਚਾਵਾਂ -ਮਲਾਰਾਂ ਨਾਲ ਕੀਤਾ ਸੀ ਤੇ ਵਿਆਹ ਪਿੱਛੋਂ ਉਹ ਕੁਝ ਮਹੀਨੇ ਆਸਟ੍ਰੇਲੀਆ ਰਿਹਾ ਤੇ 5-6 ਮਹੀਨੇ ਪਹਿਲਾਂ ਹੀ ਉਹ ਕੈਨੇਡਾ ਵਿਚ ਆਪਣੀ ਪਤਨੀ ਤੇ ਉਸਦੇ ਪਰਿਵਾਰਕ ਮੈਂਬਰਾਂ ਪਾਸ ਪੁੱਜ ਗਿਆ ਸੀ।, ਜਿੱਥੇ ਉਹ ਵੀ ਵਧੀਆ ਕੰਮ ਕਰ ਰਿਹਾ ਸੀ ਅਤੇ ਉਸ ਦੀ ਪਤਨੀ ਸਾਕਸ਼ੀ ਸ਼ਰਮਾ ਵੀ ਪੜ੍ਹਾਈ ਦੇ ਨਾਲ ਨਾਲ ਕੰਮ ਕਰ ਰਹੀ ਸੀ। ਸੁੱਖਾ ਇੰਨ੍ਹੀਂ ਦਿਨੀਂ ਕੈਨੇਡਾ ਦੇ ਵਾਈਟ ਹਿੱਲ ਵਿਚ ਰਹਿ ਰਿਹਾ ਸੀ।
ਮ੍ਰਿਤਕ ਦੇ ਤਾਇਆ ਨੰਬਰਦਾਰ ਲਾਭ ਚੰਦ ਥਿਗਲੀ ਨੇ ਦੱਸਿਆ ਕਿ ਸੁੱਖੇ ਦੀ ਮੌਤ ਵਾਲੇ ਦਿਨ 2 ਕੁ ਘੰਟੇ ਪਹਿਲਾਂ ਆਪਣੀ ਪਤਨੀ ਨਾਲ ਫੋਨ ਉੱਤੇ ਗੱਲਬਾਤ ਵੀ ਹੋਈ ਸੀ ਅਤੇ ਬਾਅਦ ਵਿੱਚ ਸੁੱਤੇ ਪਏ ਨੂੰ ਹੀ ਕਥਿਤ ਹਾਰਟ ਅਟੈਕ ਆ ਗਿਆ,ਜਿਸ ਬਾਬਤ ਉਸਦੀ ਪਤਨੀ ਨੂੰ ਘਰ ਪੁੱਜ ਕੇ ਹੀ ਪਤਾ ਲੱਗਿਆ। ਉਸ ਦੀ ਇੰਡੀਆ ਰਹਿੰਦੇ ਆਪਣੇ ਪਰਿਵਾਰ ਨਾਲ ਵੀ ਗੱਲਬਾਤ ਹੋਈ ਸੀ ਅਤੇ ਬਹੁਤ ਖੁਸ਼ ਸੀ। ਉਨ੍ਹਾਂ ਦੱਸਿਆ ਕਿ ਉਹ ਖਿਡਾਰੀ ਰਿਹਾ ਹੈ ਤੇ ਬੁਰੀਆਂ ਅਲਾਮਤਾਂ ਤੋਂ ਕੋਹਾਂ ਦੂਰ ਸੀ, ਫਿਰ ਵੀ ਇਹ ਭਾਣਾ ਕਿਵੇਂ ਵਾਪਰ ਗਿਆ, ਸਭ ਹੈਰਾਨ ਹਨ।



