ਚੰਡੀਗੜ੍ਹ / ਮੋਰਿੰਡਾ : ਪੰਜਾਬੀ ਇਨਫਲੂਐਂਸਰ ਮਨਜੀਤ ਕੌਰ ਨੂੰ ਅਗਵਾ ਕਰਕੇ ਮੋਰਿੰਡਾ ਦੇ ਜੰਗਲੀ ਇਲਾਕੇ ਵਿੱਚ ਸ਼ਹਿਤੂਤ ਦੇ ਰੁੱਖ ਨਾਲ ਬੰਨ੍ਹ ਕੇ ਜਿਊਂਦਾ ਸਾੜਨ ਦੇ ਮਾਮਲੇ ਵਿੱਚ ਪੁਲਿਸ ਜਾਂਚ ਜਿਵੇਂ-ਜਿਵੇਂ ਅੱਗੇ ਵਧ ਰਹੀ ਹੈ, ਨਵੇਂ ਅਤੇ ਸਨਸਨੀਖੇਜ਼ ਖ਼ੁਲਾਸੇ ਹੋ ਰਹੇ ਹਨ। ਪੁਲਿਸ ਸਰੋਤਾਂ ਅਨੁਸਾਰ ਮੈਡੀਕਲ ਰਿਪੋਰਟ ਵਿੱਚ ਪੁਸ਼ਟੀ ਹੋਈ ਹੈ ਕਿ ਘਟਨਾ ਦੇ ਸਮੇਂ ਮਨਜੀਤ ਕੌਰ ਲਗਭਗ 3 ਮਹੀਨੇ ਦੀ ਗਰਭਵਤੀ ਸੀ। ਹੁਣ ਪੁਲਿਸ ਇਸ ਪਹਿਲੂ ਦੀ ਵੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ ਕਿਤੇ ਕਤਲ ਦੀ ਵਜ੍ਹਾ ਉਸ ਦੀ ਪ੍ਰੈਗਨੈਂਸੀ ਤਾਂ ਨਹੀਂ ਸੀ। ਜਾਂਚ ਵਿੱਚ ਉਸ ਦੇ ਕੁਝ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਦੇ ਸੰਪਰਕ ਵਿੱਚ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।
ਅਗਵਾ ਕਰਕੇ ਸ਼ਹਿਤੂਤ ਦੇ ਰੁੱਖ ਨਾਲ ਬੰਨ੍ਹ ਕੇ ਲਗਾਈ ਸੀ ਅੱਗ
ਘਟਨਾ 3 ਜੁਲਾਈ ਦੀ ਦੇਰ ਰਾਤ ਦੀ ਹੈ। ਮ੍ਰਿਤਕਾ ਦੀ ਮਾਂ ਕਾਂਤਾ ਦੇਵੀ ਦੇ ਦੋਸ਼ਾਂ ਅਨੁਸਾਰ, ਮਨਜੀਤ ਦੇ ਜਾਣਕਾਰ ਸ਼ੁਭੀ ਅਤੇ ਪਿੰਦਾ ਨੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ-34 ਸਥਿਤ ਸ਼ਰਾਬ ਦੇ ਠੇਕੇ ਨੇੜੇ ਮਿਲਣ ਲਈ ਬੁਲਾਇਆ ਸੀ। ਉੱਥੋਂ ਦੋਵੇਂ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਮੋਰਿੰਡਾ ਲੈ ਗਏ। ਰਸਤੇ ਵਿੱਚ ਮਾਰਪੁੱਟ ਕਰਨ ਤੋਂ ਬਾਅਦ ਦੋਸ਼ੀਆਂ ਨੇ ਉਸ ਨੂੰ ਜੰਗਲੀ ਇਲਾਕੇ ‘ਚ ਸ਼ਹਿਤੂਤ ਦੇ ਰੁੱਖ ਨਾਲ ਬੰਨ੍ਹ ਕੇ ਅੱਗ ਲਗਾ ਦਿੱਤੀ ਅਤੇ ਫ਼ਰਾਰ ਹੋ ਗਏ। ਇਸੇ ਦੌਰਾਨ ਮਨਜੀਤ ਦਾ ਇੱਕ ਹੋਰ ਜਾਣਕਾਰ ਮੌਕੇ ‘ਤੇ ਪਹੁੰਚ ਗਿਆ, ਜਿਸ ਨੇ ਕੰਬਲ ਪਾ ਕੇ ਅੱਗ ਬੁਝਾਈ।
2 ਮਹੀਨੇ ਜਿੰਦਗੀ ਤੇ ਮੌਤ ਨਾਲ ਲੜਨ ਤੋਂ ਬਾਅਦ PGI ‘ਚ ਤੋੜਿਆ ਦਮ
ਹਮਲੇ ਤੋਂ ਬਾਅਦ ਮਨਜੀਤ ਨੂੰ ਪਹਿਲਾਂ ਮੋਰਿੰਡਾ ਹਸਪਤਾਲ, ਫਿਰ ਮੋਹਾਲੀ ਦੇ ਮੈਕਸ ਹਸਪਤਾਲ ਅਤੇ 9 ਜੁਲਾਈ ਨੂੰ PGI ਚੰਡੀਗੜ੍ਹ ਰੈਫ਼ਰ ਕੀਤਾ ਗਿਆ। ਕਰੀਬ ਦੋ ਮਹੀਨੇ ਤੱਕ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਨ ਤੋਂ ਬਾਅਦ 26 ਅਗਸਤ ਨੂੰ PGI ਵਿੱਚ ਮਨਜੀਤ ਕੌਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਨਜੀਤ ਮੋਹਾਲੀ ਵਿੱਚ ਰਹਿੰਦੀ ਸੀ, ਜਦਕਿ ਉਸ ਦੀ ਮਾਂ ਅਤੇ ਭਰਾ ਪੰਚਕੂਲਾ ਵਿੱਚ ਰਹਿੰਦੇ ਹਨ।
ਪੁਲਿਸ ਦੀ ਲਾਪਰਵਾਹੀ ‘ਤੇ ਵੀ ਉੱਠੇ ਸਵਾਲ
ਪਰਿਵਾਰ ਮੁਤਾਬਕ 5 ਅਗਸਤ ਨੂੰ ਹੋਸ਼ ਆਉਣ ‘ਤੇ ਮਨਜੀਤ ਨੇ ਬਿਆਨ ਦਰਜ ਕਰਵਾਉਣ ਦੀ ਇੱਛਾ ਜਤਾਈ ਸੀ। PGI ਪੁਲਿਸ ਚੌਂਕੀ ਵੱਲੋਂ ਖਰੜ ਸਦਰ ਥਾਣਾ ਪੁਲਿਸ ਅਤੇ ਜਾਂਚ ਅਧਿਕਾਰੀ ASI ਲਖਵਿੰਦਰ ਸਿੰਘ ਨੂੰ ਸੂਚਿਤ ਕੀਤਾ ਗਿਆ ਸੀ, ਪਰ ਦੋਸ਼ ਹੈ ਕਿ ਪੁਲਿਸ ਬਿਆਨ ਲੈਂਡ ਨਹੀਂ ਪੁੱਜੀ। ਹੁਣ ਚੰਡੀਗੜ੍ਹ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੂੰ ਇਤਲਾਹ ਮਿਲਣ ਦੇ ਬਾਵਜੂਦ ਇਰਾਦਾ-ਏ-ਕਤਲ ਦਾ ਕੇਸ ਦਰਜ ਕਿਉਂ ਨਹੀਂ ਕੀਤਾ ਗਿਆ।
ਮਾਂ ਦੇ ਬਿਆਨਾਂ ‘ਤੇ ਅਗਵਾ ਤੇ ਕਤਲ ਦਾ ਕੇਸ ਦਰਜ
ਮਨਜੀਤ ਦੀ ਮੌਤ ਤੋਂ ਬਾਅਦ 27 ਅਗਸਤ ਨੂੰ ਚੰਡੀਗੜ੍ਹ ਪੁਲਿਸ ਨੇ ਮ੍ਰਿਤਕਾ ਦੀ ਮਾਂ ਦੇ ਬਿਆਨਾਂ ‘ਤੇ ਅਗਵਾ ਅਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁੱਖ ਦੋਸ਼ੀਆਂ ਸ਼ੁਭੀ ਅਤੇ ਪਿੰਦਾ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਸੈਕਟਰ-34 ਤੋਂ ਲੈ ਕੇ ਮੋਰਿੰਡਾ ਤੱਕ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੂਟੇਜ ਫੋਲੀ ਜਾ ਰਹੀ ਹੈ ਤਾਂ ਜੋ ਵਾਰਦਾਤ ਵਿੱਚ ਵਰਤੀ ਗਈ ਗੱਡੀ ਅਤੇ ਦੋਸ਼ੀਆਂ ਦੀ ਲੋਕੇਸ਼ਨ ਦਾ ਪਤਾ ਲਗਾਇਆ ਜਾ ਸਕੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਗੁਰਦਾਸਪੁਰ ‘ਚ ਬੱਚਿਆਂ ਸਮੇਤ ਭੀਖ ਮੰਗਦੀਆਂ ਔਰਤਾਂ ਦੀ ਵੀਡੀਓ ਵਾਇਰਲ, ਬਾਲ ਸੁਰੱਖਿਆ ਵਿਭਾਗ ਵੱਲੋਂ ਕਾਰਵਾਈ ਦਾ ਭਰੋਸਾ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



