Punjab Weather Update : ਮਈ ਮਹੀਨੇ ਮੌਸਮ ਵਿਖਾਏਗਾ ਰੰਗ, ਇੰਨੀ ਤਰੀਕ ਤਕ ‘ਲੂ’ ਕਰੇਗੀ ਬੇਹਾਲ, Advisory ਜਾਰੀ

ਚੰਡੀਗੜ੍ਹ : ਅਪ੍ਰੈਲ ਮਹੀਨੇ ਵਿਚ ਮੀਂਹ ਤੇ ਹਵਾਵਾਂ ਨੇ ਭਾਵੇਂ ਤਾਪਮਾਨ ਨੂੰ ਕੰਟਰੋਲ ਵਿਚ ਰੱਖਿਆ ਤੇ ਗਰਮੀ ਦਾ ਜ਼ੋਰ ਚੱਲਣ ਨਹੀਂ ਦਿੱਤਾ ਪਰ ਮਈ ਮਹੀਨਾ…

ਚੰਡੀਗੜ੍ਹ : ਅਪ੍ਰੈਲ ਮਹੀਨੇ ਵਿਚ ਮੀਂਹ ਤੇ ਹਵਾਵਾਂ ਨੇ ਭਾਵੇਂ ਤਾਪਮਾਨ ਨੂੰ ਕੰਟਰੋਲ ਵਿਚ ਰੱਖਿਆ ਤੇ ਗਰਮੀ ਦਾ ਜ਼ੋਰ ਚੱਲਣ ਨਹੀਂ ਦਿੱਤਾ ਪਰ ਮਈ ਮਹੀਨਾ ਚੜ੍ਹਦਿਆਂ ਹੀ ਸੂਰਜ  ਦੇਵਤਾ ਨੇ ਤੇਵਰ ਤਿੱਖੇ ਕਰ ਲਏ ਹਨ। ਪੰਜਾਬ ‘ਚ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ ਦੌਰਾਨ ਇਹ ਗਰਮੀ ਲੋਕਾਂ ਦੇ ਪਸੀਨੇ ਛੁਡਾ ਦੇਵੇਗੀ। ਮੌਸਮ ਵਿਭਾਗ ਦੇ ਮੁਤਾਬਕ 9 ਮਈ ਤੱਕ ਪੰਜਾਬ ਦੇ ਕੁੱਝ ਇਲਾਕਿਆਂ ‘ਚ ਲੂ ਚੱਲਣ ਦੀ ਸੰਭਾਵਨਾ ਹੈ, ਜਦੋਂ ਕਿ ਇਸ ਤੋਂ ਬਾਅਦ 16 ਮਈ ਤੱਕ ਪੂਰੇ ਪੰਜਾਬ ‘ਚ ਹੀ ਭਿਆਨਕ ਲੂ ਚੱਲੇਗੀ, ਜੋ ਲੋਕਾਂ ਨੂੰ ਹਾਲੋਂ-ਬੇਹਾਲ ਕਰੇਗੀ।
ਇਸ ਦੌਰਾਨ ਸੂਬੇ ਦਾ ਤਾਪਮਾਨ 40 ਡਿਗਰੀ ਤੋਂ ਉੱਪਰ ਪੁੱਜਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਮਾਹਿਰਾਂ ਦੇ ਮੁਤਾਬਕ ਬੀਤਿਆ ਅਪ੍ਰੈਲ ਮਹੀਨੇ ਪਿਛਲੇ ਸਾਲ ਦੇ ਮੁਕਾਬਲੇ ਠੰਢਾ ਰਿਹਾ ਹੈ ਕਿਉਂਕਿ ਇਸ ਮਹੀਨੇ ਪੱਛਮੀ ਗੜਬੜੀਆਂ ਕਾਫ਼ੀ ਸਰਗਰਮ ਰਹੀਆਂ। ਮੌਸਮ ਵਿਭਾਗ ਦੇ ਮੁਤਾਬਕ 1 ਮਈ ਨੂੰ 29.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਅਤੇ ਇਹ ਅਚਾਨਕ 2 ਮਈ ਨੂੰ ਵੱਧ ਕੇ 34 ਡਿਗਰੀ ਤੱਕ ਪੁੱਜ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਚਾਨਕ 2-4 ਡਿਗਰੀ ਤਾਪਮਾਨ ਦਾ ਵੱਧਣਾ ਇਸ ਗੱਲ ਦੀ ਸੰਭਾਵਨਾ ਪ੍ਰਗਟ ਕਰਦਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਹੀਟ ਵੇਵ ਚੱਲੇਗੀ। ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ, ਜਿਸ ਕਾਰਨ ਗਰਮੀ ਦਾ ਕਹਿਰ ਜਾਰੀ ਰਹੇਗਾ।
ਮੌਸਮ ਵਿਭਾਗ ਦੀ ਅਪੀਲ
ਮੌਸਮ ਵਿਭਾਗ ਨੇ ਕਣਕ ਦੀ ਨਾੜ ਨੂੰ ਅੱਗ ਨਾ ਲਾਉਣ ਦੀ ਵੀ ਅਪੀਲ ਕੀਤੀ ਹੈ ਕਿਉਂਕਿ ਹੀਟ ਵੇਵ ਨਾਲ ਪਹਿਲਾਂ ਹੀ ਲੋਕਾਂ ਦਾ ਬੁਰਾ ਹਾਲ ਹੋਵੇਗਾ ਅਤੇ ਜੇਕਰ ਕਣਕ ਦੀ ਨਾੜ ਨੂੰ ਅੱਗ ਲੱਗੇਗੀ ਤਾਂ ਇਸ ਨਾਲ ਤਾਪਮਾਨ ਹੋਰ ਵੀ ਜ਼ਿਆਦਾ ਵਧੇਗਾ, ਜੋ ਕਿ ਸੂਬਾ ਵਾਸੀਆਂ ਲਈ ਅੱਤ ਦੀ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਹੀਟ ਵੇਵ ਦੇ ਅਲਰਟ ਮਗਰੋਂ ਸਾਨੂੰ ਸਭ ਨੂੰ ਆਪਣਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ।
ਇਨ੍ਹਾਂ ਲੋਕਾਂ ਨੂੰ ਖਾਸ ਧਿਆਨ ਰੱਖਣ ਦੀ ਲੋੜ
ਮੌਸਮ ਵਿਭਾਗ ਨੇ ਇਸ ਸਮੇਂ ਦੌਰਾਨ ਬਾਹਰ ਕੰਮ ਕਰਦੇ ਕਾਮਿਆਂ ਨੂੰ ਆਪਣਾ ਖ਼ਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ ਕਿਉਂਕਿ ਇਸ ਦੌਰਾਨ ਹੀਟ ਵੇਵ ਦਾ ਅਸਰ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਹੈ। ਕਾਮਿਆਂ ਨੂੰ ਗਰਮੀ ਤੋਂ ਬਚਣ ਲਈ ਆਪਣਾ ਸਿਰ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਵੇਰ ਵੇਲੇ ਹੀ ਕੰਮ ਖ਼ਤਮ ਕਰ ਲੈਣ। ਮੌਸਮ ਮਾਹਿਰਾਂ ਦੇ ਮੁਤਾਬਕ ਦੁਪਹਿਰ 12 ਵਜੇ ਤੋਂ 3 ਤੱਕ ਹੀਟ ਵੇਵ ਦਾ ਸਭ ਤੋਂ ਜ਼ਿਆਦਾ ਅਸਰ ਰਹਿੰਦਾ ਹੈ। ਇਸ ਦੌਰਾਨ ਬਾਹਰ ਕੰਮ ਕਰਨ ਵਾਲੇ ਲੋਕ ਆਰਾਮ ਕਰਕੇ ਸ਼ਾਮ ਨੂੰ ਆਪਣਾ ਕੰਮ ਖ਼ਤਮ ਕਰ ਸਕਦੇ ਹਨ। ਮਾਹਿਰਾਂ ਦੇ ਮੁਤਾਬਕ ਹੀਟ ਵੇਵ ਨੂੰ ਧਿਆਨ ‘ਚ ਰੱਖ ਕੇ ਹੀ ਸੂਬਾ ਵਾਸੀ ਆਪਣੇ ਕੰਮ-ਧੰਦੇ ਕਰਨ। 

Leave a Reply

Your email address will not be published. Required fields are marked *