ਚੰਡੀਗੜ੍ਹ : ਜੇਲ੍ਹ ‘ਚੋਂ ਹੋਈ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਇਕ ਵਾਰ ਫਿਰ ਚਰਚੇ ਹੋ ਰਹੇ ਹਨ। ਹਾਈ ਕੋਰਟ ਨੇ ਲਾਰੈਂਸ ਬਿਸ਼ਨੋਈ ਦੀ ਜੇਲ੍ਹ ‘ਚੋਂ ਹੋਈ ਇੰਟਰਵਿਊ ਦੇ ਮਸਲੇ ‘ਤੇ ਅੱਜ ਸੁਣਵਾਈ ਕੀਤੀ ਤੇ ਸਵਾਲ ਵੀ ਚੁੱਕੇ, ਹਾਈਕੋਰਟ ਨੇ ਇਸ ਮਾਮਲੇ ‘ਚ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਦੁਪਹਿਰ 2 ਵਜੇ ਤੱਕ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਹਾਈ ਕੋਰਟ ਦੇ ਡਬਲ ਬੈਂਚ ਨੇ ਸੋ-ਮੋਟੋ (ਆਪਣੇ ਆਪ ਹੀ ਕਾਰਵਾਈ ਕੀਤੀ) ਲੈਂਦਿਆਂ ਇਹ ਸੁਣਵਾਈ ਕੀਤੀ ਹੈ।
ਇਸ ਦੇ ਨਾਲ ਹੀ ਹਾਈ ਕੋਰਟ ਨੇ ਸਰਕਾਰ ਨੂੰ ਇਹ ਸਵਾਲ ਵੀ ਕੀਤਾ ਹੈ ਕਿ ਇਸ ਮਾਮਲੇ ਦੀ ਜਾਂਚ ਲਈ ਜਿਹੜੀ ਐਸਆਈਟੀ ਦੀ ਟੀਮ ਬਣਾਈ ਗਈ ਸੀ, ਉਹਨਾਂ ਨੇ ਅਜੇ ਤੱਕ ਇਸ ਮਾਮਲੇ ‘ਚ ਕਿੰਨੀ ਕੁ ਜਾਂਚ ਅੱਗੇ ਵਧਾਈ ਹੈ ਅਤੇ ਜਾਂਚ ਕਿੱਥੇ ਤੱਕ ਪਹੁੰਚੀ ਹੈ ਅਤੇ ਕੀ ਕਾਰਵਾਈ ਕੀਤੀ ਗਈ ਹੈ ਇਸ ਬਾਰੇ ਜਾਣਕਾਰੀ ਮੰਗੀ ਹੈ।ਇਥੇ ਜ਼ਿਕਰਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਚੈਨਲ ‘ਤੇ ਇੰਟਰਵਿਊ ਹੋਈ ਸੀ ਤਾਂ ਇਹ ਪੰਜਾਬ ‘ਚ ਚਰਚਾ ਦਾ ਵਿਸ਼ਾ ਬਣ ਗਈ ਸੀ ਉਧਰ ਡੀਜੀਪੀ ਦਾ ਕਹਿਣਾ ਸੀ ਕਿ ਇਹ ਇੰਟਰਵਿਊ ਪੰਜਾਬ ਦੇ ਜੇਲ੍ਹ ਦੀ ਨਹੀਂ ਹੈ।

