ਚੰਡੀਗੜ੍ਹ : ਪੰਜਾਬ ਵਿੱਚ ਸਥਾਨਕ ਸਰਕਾਰਾਂ ਨੂੰ ਚੁਣਨ ਲਈ ਅੱਜ ਵੋਟਾਂ ਪੈ ਰਹੀਆਂ ਹਨ। ਸੂਬੇ ਦੀਆਂ 103 ਸ਼ਹਿਰੀ ਸਥਾਨਕ ਇਕਾਈਆਂ ਵਿੱਚ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਜਿਸ ਵਿੱਚ 8 ਨਗਰ ਨਿਗਮ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਸ਼ਾਮਲ ਹਨ। ਹਾਲੀਆ ਸਾਲਾਂ ਵਿੱਚ ਇਹ ਸੂਬੇ ਦਾ ਸਭ ਤੋਂ ਵੱਡਾ ਸ਼ਹਿਰੀ ਚੋਣ ਅਮਲ ਮੰਨਿਆ ਜਾ ਰਿਹਾ ਹੈ। ਚੋਣਾਂ ਨੂੰ ਪਾਰਦਰਸ਼ੀ ਅਤੇ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਵੋਟ ਪਾਉਣ ਪਹੁੰਚੇ ਇੱਕ ਵੋਟਰ ਨੇ ਉਤਸ਼ਾਹ ਜ਼ਾਹਿਰ ਕਰਦਿਆਂ ਕਿਹਾ, “ਲੋਕ ਵੱਡੀ ਗਿਣਤੀ ਵਿੱਚ ਵੋਟ ਪਾਉਣ ਆ ਰਹੇ ਹਨ, ਹਰ ਇੱਕ ਨੂੰ ਆਪਣੇ ਇਸ ਲੋਕਤੰਤਰੀ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।”
ਇਨ੍ਹਾਂ 8 ਪ੍ਰਮੁੱਖ ਨਿਗਮਾਂ ‘ਤੇ ਰਹੇਗੀ ਨਜ਼ਰ
ਚੋਣ ਅਧਿਕਾਰੀਆਂ ਮੁਤਾਬਕ, ਇਸ ਵਾਰ ਕੁੱਲ 1,896 ਵਾਰਡਾਂ ਵਿੱਚ 7,555 ਉਮੀਦਵਾਰ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਨਗਰ ਨਿਗਮ: ਅਬੋਹਰ, ਬਟਾਲਾ, ਬਰਨਾਲਾ, ਬਠਿੰਡਾ, ਕਪੂਰਥਲਾ, ਮੋਹਾਲੀ, ਮੋਗਾ ਅਤੇ ਪਠਾਨਕੋਟ ਸਮੇਤ 8 ਨਗਰ ਨਿਗਮਾਂ ਦੇ 396 ਵਾਰਡਾਂ ਵਿੱਚ 1,613 ਉਮੀਦਵਾਰ ਆਹਮੋ-ਸਾਹਮਣੇ ਹਨ। ਨਗਰ ਕੌਂਸਲਾਂ ਤੇ ਪੰਚਾਇਤਾਂ: 75 ਨਗਰ ਕੌਂਸਲਾਂ ਦੇ 1,282 ਵਾਰਡਾਂ ਵਿੱਚ 5,142 ਉਮੀਦਵਾਰ ਅਤੇ 20 ਨਗਰ ਪੰਚਾਇਤਾਂ ਦੇ 218 ਵਾਰਡਾਂ ਵਿੱਚ 800 ਉਮੀਦਵਾਰ ਚੋਣ ਲੜ ਰਹੇ ਹਨ।
ਸੁਰੱਖਿਆ ਦੇ ਸਖ਼ਤ ਪਹਿਰੇ
ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਹਿੰਸਾ ਜਾਂ ਗੜਬੜੀ ਨੂੰ ਰੋਕਣ ਲਈ ਪੰਜਾਬ ਪੁਲਿਸ ਦੇ ਕਰੀਬ 32,000 ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਲਗਭਗ 35,000 ਚੋਣ ਕਰਮਚਾਰੀ ਡਿਊਟੀ ਨਿਭਾ ਰਹੇ ਹਨ। ਪ੍ਰਸ਼ਾਸਨ ਨੇ ਸੁਰੱਖਿਆ ਦੇ ਲਿਹਾਜ਼ ਨਾਲ 740 ਪੋਲਿੰਗ ਬੂਥਾਂ ਨੂੰ ‘ਸੰਵੇਦਨਸ਼ੀਲ’ ਅਤੇ 274 ਬੂਥਾਂ ਨੂੰ ‘ਅਤਿ-ਸੰਵੇਦਨਸ਼ੀਲ’ ਸ਼੍ਰੇਣੀ ਵਿੱਚ ਰੱਖਿਆ ਹੈ, ਜਿੱਥੇ ਵਾਧੂ ਫੋਰਸ ਅਤੇ ਸੀ.ਸੀ.ਟੀ.ਵੀ. ਰਾਹੀਂ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ।
ਪੰਜਾਬ ਦੀਆਂ ਅਦਾਲਤਾਂ ਵਿੱਚ ਛੁੱਟੀ
ਵੋਟਾਂ ਦੀ ਗਿਣਤੀ 29 ਮਈ ਨੂੰ ਕੀਤੀ ਜਾਵੇਗੀ, ਜਿਸ ਤੋਂ ਬਾਅਦ ਜੇਤੂ ਉਮੀਦਵਾਰਾਂ ਦਾ ਐਲਾਨ ਹੋਵੇਗਾ। ਚੋਣਾਂ ਵਾਲੇ ਦਿਨ ਵੋਟਰਾਂ ਦੀ ਸਹੂਲਤ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਦੀਆਂ ਸਾਰੀਆਂ ਹੇਠਲੀਆਂ ਅਦਾਲਤਾਂ ਵਿੱਚ 26 ਮਈ ਦੀ ਆਮ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਚਾਰ ਨਗਰ ਕੌਂਸਲਾਂ — ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ ਚੁਰਾਸੀ — ਦੀਆਂ ਚੋਣਾਂ ਕਿਸੇ ਕਾਰਨ ਕਰਕੇ ਬਾਅਦ ਵਿੱਚ ਕਰਵਾਈਆਂ ਜਾਣਗੀਆਂ, ਜਿਸ ਦੇ ਸ਼ਡਿਊਲ ਦਾ ਐਲਾਨ ਅਜੇ ਬਾਕੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



