ਗੁਰਦਾਸਪੁਰ : ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਸ਼ਤਾਬਦੀ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੰਗਤਾਂ ਦੀ ਸਹੂਲਤ ਲਈ ਪੰਜਾਬ ਤੋਂ ਕਾਸ਼ੀ (ਬਨਾਰਸ) ਤੱਕ 12 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਇਹ ਐਲਾਨ ਉਨ੍ਹਾਂ ਧਾਰੀਵਾਲ ਵਿਖੇ ‘ਡਾਕਟਰ ਅੰਬੇਡਕਰ ਭਵਨ’ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।
ਧਾਰੀਵਾਲ ਵਿਖੇ ਅੰਬੇਡਕਰ ਭਵਨ ਲਈ ਗ੍ਰਾਂਟ ਜਾਰੀ
ਕੈਬਨਿਟ ਮੰਤਰੀ ਕਟਾਰੂਚੱਕ ਨੇ ਆਪਣੇ ਅਖ਼ਤਿਆਰੀ ਫੰਡ ਵਿੱਚੋਂ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਧਾਰੀਵਾਲ ਵਿਖੇ ਬਣਨ ਜਾ ਰਹੇ ਡਾਕਟਰ ਅੰਬੇਡਕਰ ਭਵਨ ਲਈ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ। ਉਨ੍ਹਾਂ ਭਵਿੱਖ ਵਿੱਚ 5 ਲੱਖ ਰੁਪਏ ਹੋਰ ਦੇਣ ਦਾ ਵਾਅਦਾ ਵੀ ਕੀਤਾ। ਇਸ ਨੇਕ ਕਾਰਜ ਵਿੱਚ ਸਮਾਜ ਸੇਵੀ ਡਾ. ਕਮਲਜੀਤ ਸਿੰਘ ਕੇ.ਜੇ. ਅਤੇ ਪ੍ਰੇਮ ਸਿੰਘ ਨੇ 1-1 ਲੱਖ ਰੁਪਏ, ਜਦਕਿ ਮਾਸਟਰ ਪ੍ਰਕਾਸ਼ ਚੰਦ ਅਤੇ ਹਰਭਜਨ ਸਿੰਘ ਨੇ 50 ਹਜ਼ਾਰ ਰੁਪਏ ਦਾ ਨਿੱਜੀ ਯੋਗਦਾਨ ਪਾਇਆ।
ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਲਈ ਬਣੇਗਾ ‘ਅਧਿਐਨ ਕੇਂਦਰ‘
ਕਟਾਰੂਚੱਕ ਨੇ ਦੱਸਿਆ ਕਿ ਖੜਾਲਗੜ੍ਹ ਤੋਂ ਆਰੰਭ ਹੋਏ 650ਵੇਂ ਪ੍ਰਕਾਸ਼ ਪੁਰਬ ਸਮਾਗਮ ਪੂਰਾ ਸਾਲ ਸ਼ਰਧਾ ਨਾਲ ਮਨਾਏ ਜਾਣਗੇ। ਸਰਕਾਰ ਵੱਲੋਂ ਡੇਰਾ ਸੱਚ ਖੰਡ ਬਲਾਂ ਵਿਖੇ 10 ਏਕੜ ਜ਼ਮੀਨ ‘ਤੇ ਇੱਕ ਵਿਸ਼ੇਸ਼ ‘ਅਧਿਐਨ ਕੇਂਦਰ’ (Research Centre) ਸਥਾਪਿਤ ਕੀਤਾ ਜਾਵੇਗਾ, ਜਿੱਥੇ ਗੁਰੂ ਸਾਹਿਬ ਦੀ ਬਾਣੀ ਅਤੇ ਸਿੱਖਿਆਵਾਂ ‘ਤੇ ਖੋਜ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਹਰੇਕ ਧਰਮ ਦਾ ਸਤਿਕਾਰ ਕਰਦੀ ਹੈ, ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ ਪੂਰੀ ਸ਼ਾਨ ਨਾਲ ਮਨਾਇਆ ਗਿਆ ਸੀ।
ਕਾਂਗਰਸੀ ਲੀਡਰਾਂ ਦੇ ਬਿਆਨਾਂ ‘ਤੇ ਤਿੱਖਾ ਨਿਸ਼ਾਨਾ
ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਵੱਲੋਂ ਐਸ.ਸੀ. ਭਾਈਚਾਰੇ ਬਾਰੇ ਦਿੱਤੇ ਕਥਿਤ ਵਿਵਾਦਿਤ ਬਿਆਨਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਕਟਾਰੂਚੱਕ ਨੇ ਕਿਹਾ ਕਿ ਕਾਂਗਰਸੀ ਆਗੂਆਂ ਦੇ ਮਨਾਂ ਵਿੱਚ ਹਮੇਸ਼ਾ ਹੀ ਪਛੜੇ ਵਰਗਾਂ ਪ੍ਰਤੀ ਨਫ਼ਰਤ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਵੋਟਾਂ ਰਾਹੀਂ ਅਜਿਹੇ ਲੀਡਰਾਂ ਨੂੰ ਸਬਕ ਸਿਖਾਉਣਗੇ।
ਸਮੁੱਚੀ ਕਮੇਟੀ ਵੱਲੋਂ ਮੰਤਰੀ ਦਾ ਸਨਮਾਨ
ਇਸ ਮੌਕੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਭਵਨ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਮਾਸਟਰ ਪ੍ਰਕਾਸ਼ ਚੰਦ ਅਤੇ ਸੈਕਟਰੀ ਬਲਕਾਰ ਸਿੰਘ ਵੱਲੋਂ ਕੈਬਨਿਟ ਮੰਤਰੀ ਅਤੇ ਐਡਵੋਕੇਟ ਸੇਖਵਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦਾ ਸਰੂਪ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Abohar incident: ਕਾਰ ਹਾਦਸੇ ‘ਚ ਦੋ ਸਕੇ ਭਰਾਵਾਂ ਸਮੇਤ 3 ਨੌਜਵਾਨਾਂ ਦੀ ਮੌਤ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



