ਪੰਜਾਬ ਸਰਕਾਰ ਦੇ ਸਹਿਯੋਗ ਨਾਲ 13 ਤੋਂ 15 ਨਵੰਬਰ ਤੱਕ ਕਰਵਾਇਆ ਜਾਵੇਗਾ 10ਵਾਂ ਮਿਲਟਰੀ ਲਿਟ੍ਰੇਚਰ ਫੈਸਟੀਵਲ: ਮੋਹਿੰਦਰ ਭਗਤ

ਚੰਡੀਗੜ੍ਹ, 4 ਨਵੰਬਰ: ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਅੱਜ ਵਿਭਾਗ ਦੀ ਅਹਿਮ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ 13 ਤੋਂ 15 ਨਵੰਬਰ, 2026 ਤੱਕ ਚੰਡੀਗੜ੍ਹ…

ਚੰਡੀਗੜ੍ਹ, 4 ਨਵੰਬਰ: ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਅੱਜ ਵਿਭਾਗ ਦੀ ਅਹਿਮ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ 13 ਤੋਂ 15 ਨਵੰਬਰ, 2026 ਤੱਕ ਚੰਡੀਗੜ੍ਹ ਦੇ ਸੈਕਟਰ 5 ਸਥਿਤ ਲੇਕ ਕਲੱਬ ਵਿਖੇ ਹੋਣ ਵਾਲੇ 10ਵੇਂ ਮਿਲਟਰੀ ਲਿਟ੍ਰੇਚਰ ਫੈਸਟੀਵਲ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।

ਮੀਟਿੰਗ ਦੌਰਾਨ ਮੰਤਰੀ ਨੇ ਸਾਬਕਾ ਸੈਨਿਕਾਂ ਨਾਲ ਸਬੰਧਤ ਮੁੱਦਿਆਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ ਅਤੇ ਸਬੰਧਤ ਅਧਿਕਾਰੀਆਂ ਨੂੰ ਉਨ੍ਹਾਂ ਦੀ ਭਲਾਈ ਸਬੰਧੀ ਮਸਲਿਆਂ ’ਤੇ ਸਮੇਂ ਸਿਰ ਕਾਰਵਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ, ਹੈੱਡਕੁਆਰਟਰ ਵੈਸਟਰਨ ਕਮਾਂਡ ਅਤੇ ਭਾਗ ਲੈਣ ਵਾਲੀਆਂ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਵੱਕਾਰੀ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਣ ਲਈ ਪੰਜਾਬ ਸਰਕਾਰ ਵੱਲੋਂ  ਪੂਰਾ ਸਹਿਯੋਗ  ਦਿੱਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਹ ਸਮਾਗਮ ਭਾਰਤ ਦੀ ਸ਼ਾਨਾਮੱਤੀ ਫੌਜੀ ਵਿਰਾਸਤ, ਹਥਿਆਰਬੰਦ ਬਲਾਂ ਦੀ ਬਹਾਦਰੀ ਅਤੇ ਦੇਸ਼ ਦੀ ਸੇਵਾ ਵਿੱਚ ਸੈਨਿਕਾਂ ਵੱਲੋਂ ਦਿੱਤੀਆਂ ਗਈਆਂ ਮਹਾਨ ਕੁਰਬਾਨੀਆਂ ਨੂੰ ਦਰਸਾਉਣ ਲਈ ਇੱਕ ਅਹਿਮ ਮੰਚ ਹੋਵੇਗਾ। ‘ਪੰਜਾਬ ਅਤੇ ਭਾਰਤ ਦੇ ਨੌਜਵਾਨਾਂ ਦੀ ਸੇਵਾ ਦਾ ਇੱਕ ਦਹਾਕਾ’ ਵਿਸ਼ੇ ’ਤੇ ਅਧਾਰਤ ਇਸ ਸਮਾਗਮ ਦੇ 10ਵੇਂ ਐਡੀਸ਼ਨ ਵਿੱਚ ਕਈ ਜਾਣਕਾਰੀ ਭਰਪੂਰ, ਵਿੱਦਿਅਕ ਅਤੇ ਦਿਲਚਸਪ ਗਤੀਵਿਧੀਆਂ ਸ਼ਾਮਲ ਹੋਣਗੀਆਂ। ਇਹ ਸਮਾਗਮ ਆਮ ਲੋਕਾਂ ਲਈ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗਾ।

ਮੰਤਰੀ ਨੇ ਕਿਹਾ ਕਿ ਸਮਾਗਮ ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਦੇਸ਼ ਦੇ ਮਹਾਨ ਫੌਜੀ ਇਤਿਹਾਸ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਹਿੰਮਤ, ਦੇਸ਼ ਭਗਤੀ, ਅਗਵਾਈ ਅਤੇ ਕੁਰਬਾਨੀ ਦੀਆਂ ਕਹਾਣੀਆਂ ਰਾਹੀਂ ਪ੍ਰੇਰਿਤ ਕਰਨਾ ਹੈ।

ਉਨ੍ਹਾਂ ਭਰੋਸਾ ਪ੍ਰਗਟਾਇਆ ਕਿ 10ਵਾਂ ਮਿਲਟਰੀ ਲਿਟ੍ਰੇਚਰ ਫੈਸਟੀਵਲ ਵੱਡੀ ਗਿਣਤੀ ਵਿੱਚ ਵਿੱਦਿਆਰਥੀਆਂ, ਨੌਜਵਾਨਾਂ, ਸਾਬਕਾ ਸੈਨਿਕਾਂ, ਰੱਖਿਆ ਮਾਮਲਿਆਂ ਵਿੱਚ ਦਿਲਚਸਪੀ ਰੱਖਣ ਵਾਲਿਆਂ ਅਤੇ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਰਹੇਗਾ।

Leave a Reply

Your email address will not be published. Required fields are marked *