ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਲਈ 13888 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਇਸ ਤੋਂ ਇਲਾਵਾ ਹੁਣ ਮੰਗੀ ਦੀ ਫਸਲ ਉੱਤੇ ਫਸਲ ਦਾ ਬੀਮਾ ਵੀ ਸਰਕਾਰ ਵੱਲੋਂ ਕੀਤਾ ਜਾਵੇਗਾ।
ਖੇਤੀ ਲਈ ਨਵੀਂ ਨੀਤੀ
ਵਿੱਤ ਮੰਤਰੀ ਕਿਹਾ ਕਿ ਪੰਜਾਬ ਸਰਕਾਰ ਮਾਹਿਰਾਂ ਨਾਲ ਸਲਾਹ ਕਰਕੇ ਬਹੁਤ ਜਲਦ ਨਵੀਂ ਖੇਤੀ ਨੀਤੀ ਵੀ ਲੈ ਕੇ ਆ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਖੇਤੀ ਨੀਤੀ ਆਉਣ ਨਾਲ ਕਿਸਾਨਾਂ ਨੂੰ ਵਧੇਰੇ ਲਾਭ ਮਿਲੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ।
20 ਫੀਸਦ ਖੇਤੀ ਬਜਟ ਵਿੱਚ ਵਾਧਾ
ਵਿੱਤ ਮੰਤਰੀ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਇਸ ਸਾਲ 2023-24 ਲਈ ਬਜਟ ਵਿੱਚ 20 ਫੀਸਦ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਵਾਤਾਰਣ ਨੂੰ ਬਚਾਉਣ ਲਈ ਨਵੀਂ ਖੇਤੀ ਨੀਤੀ ਤਹਿਤ ਮਾਹਿਰਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਵਿੱਤ ਮੰਤਰੀ ਚੀਮਾ ਦਾ ਕਹਿਣਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ, ਮੂੰਗੀ ਦੀ ਫਸਲ ਅਤੇ ਖੇਤੀ ਨੂੰ ਉਤਸ਼ਾਹਿਤ ਕਰਨ ਲਈ 125 ਕਰੋੜ ਰੁਪਏ ਦੀ ਤਜਵੀਹ ਰੱਖੀ ਗਈ ਹੈ।
ਮੁਫ਼ਤ ਬਿਜਲੀ ਸਕੀਮ
ਕਿਸਾਨਾਂ ਲਈ ਮੁਫ਼ਤ ਬਿਜਲੀ ਜਾਰੀ ਰਹੇਗੀ। ਪੰਜਾਬ ਦੇ ਕਿਸਾਨਾਂ ਲਈ ਬੀਮਾ ਸਕੀਮ ਲਿਆਂਦੀ ਜਾਵੇਗੀ। ਕਿਸਾਨਾਂ ਲਈ 9331 ਕਰੋੜ ਰੁਪਏ ਮੁਫ਼ਤ ਬਿਜਲੀ ਲਈ ਰੱਖੇ ਗਏ ਹਨ। ਖੇਤੀਬਾੜੀ ਬਜਟ ਵਿੱਚ 20 ਫੀਸਦੀ ਵਾਧਾ ਕੀਤਾ ਗਿਆ ਹੈ। ਬਾਗਬਾਨੀ ਲਈ 553 ਕਰੋੜ ਰੁਪਏ ਰੱਖੇ ਗਏ ਹਨ। ਪੰਜਾਬ ਦੇ 5 ਜ਼ਿਲ੍ਹਿਆ ਵਿੱਚ ਬਾਗਬਾਨੀ ਅਸਟੇਟ ਬਣਾਏ ਜਾਣਗੇ।



