ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਇੱਕ ਪਾਸੇ ਪੰਜਾਬ ਸਰਕਾਰ ਸੂਬੇ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਨਿੱਤ ਨਵਾਂ ਫਤਵਾ ਜਾਰੀ ਕਰ ਰਹੀ ਹੈ। ਉੱਥੇ ਹੀ ਦੂਜੇ ਪਾਸੇ ਸਰਕਾਰ ਦੇ ਇਹ ਫਤਵੇ ਲੋਕਾਂ ਨੂੰ ਰਾਸ ਨਹੀ ਆ ਰਹੇ। ਪੰਜਾਬ ਸਰਕਾਰ ਨੇ ਇਸ ਦੌਰਾਨ ਸੂਬੇ ਦੇ ਕਈ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਦਾ ਨਿੱਜੀਕਰਨ ਕਰਨ ਦੀ ਗੱਲ ਆਖੀ ਹੈ, ਜਿਸ ਦਾ ਕਿ ਕਈ ਜਥੇਬੰਦੀਆ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਨਿੱਜੀਕਰਨ ਦੇ ਵਿਰੋਧ ਵਿੱਚ ਹੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਵੀ ਸਿਹਤ ਕਰਮਚਾਰੀਆਂ ਵਲੋਂ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਰਜਿੰਦਰਾ ਹਸਪਤਾਲ ਦੇ ਪੈਰਾਮੈਡੀਕਲ ਮੁਲਾਜਮਾਂ ਤੋਂ ਇਲਾਵਾ ਕਲਾਸ 4 ਦੇ ਕਰਮਚਾਰੀਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਸਰਕਾਰ ਖਿਲਾਫ਼ ਜੰਮ ਕੇ ਰੋਸ ਪ੍ਰਦਸ਼ਨ ਕੀਤਾ।
ਇਸ ਦੌਰਾਨ ਸੰਬੋਧਨ ਕਰਦਿਆਂ ਡਾਕਟਰ ਮਨਜੀਤ ਕੌਰ ਧਾਲੀਵਾਲ ਨੇ ਕਿਹਾ ਕਿ, ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਿਹਤ ਅਦਾਰਿਆਂ ਦਾ ਵੱਡੇ ਪੱਧਰ ‘ਤੇ ਨਿੱਜੀਕਰਨ ਕਰ ਰਹੀ ਹੈ, ਜਿਸ ਦਾ ਸਿੱਧਾ ਅਸਰ ਗਰੀਬ ਅਤੇ ਮੱਧਵਰਗੀ ਵਰਗ ‘ਤੇ ਪਵੇਗਾ। ਸਰਕਾਰ ਦੇ ਇਸ ਫੈਸਲੇ ਨਾਲ ਜਿੱਥੇ ਡਾਕਟਰੀ ਦੀ ਪੜ੍ਹਾਈ ਵੀ ਮਹਿੰਗੀ ਹੋਵੇਗੀ, ਉੱਥੇ ਇਸ ਦੇ ਨਿੱਜੀ ਸਰਮਾਏਦਾਰਾਂ ਦੇ ਹੱਥਾਂ ਵਿੱਚ ਜਾਣ ਕਾਰਨ ਇਸ ਪੇਸ਼ੇ ਵਿੱਚ ਸ਼ੋਸ਼ਣ ਵਧਣ ਦੀ ਵੀ ਸੰਭਾਵਨਾ ਹੈ।
ਇਸ ਮੌਕੇ ਡਾਕਟਰ ਧਾਲੀਵਾਲ ਨੇ ਕੈਪਟਨ ਸਰਕਾਰ ਦੇ ਚੋਣ ਮੈਨੀਫੈਸਟੋ ਦਾ ਜਿਕਰ ਕਰਦਿਆਂ ਕਿਹਾ ਕਿ, ਸਰਕਾਰ ਨੇ ਘਰ-ਘਰ ਰੁਜਗਾਰ ਦੇਣ ਦਾ ਵਾਅਦਾ ਹਾਲੇ ਤੱਕ ਪੂਰਾ ਨਹੀ ਕੀਤਾ। ਉਨ੍ਹਾ ਇਹ ਵੀ ਕਿਹਾ ਕਿ, ਸੂਬਾ ਸਰਕਾਰ ਨੇ ਹਾਲੇ ਤੱਕ ਕੱਚੇ ਮੁਲਾਜਮਾਂ ਨੂੰ ਪੱਕਾ ਤੱਕ ਨਹੀਂ ਕੀਤਾ। ਉਨ੍ਹਾਂ ਸਰਕਾਰ ਦੁਆਰਾ ਸਿਹਤ ਸੰਸਥਾਵਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੇ ਸਰਕਾਰ ਦੇ ਇਸ ਫੈਸਲੇ ਦਾ ਤਿੱਖਾ ਵਿਰੋਧ ਕੀਤਾ ਅਤੇ ਕਿਹਾ ਕਿ, ਸਰਕਾਰ ਇਸ ਫੈਸਲੇ ਨੂੰ ਵਾਪਿਸ ਲਵੇ ਅਤੇ ਜੇਕਰ ਸਰਕਾਰ ਅਜਿਹਾ ਨਹੀ ਕਰਦੀ ਤਾਂ ਉਹ ਸੂਬਾ ਸਰਕਾਰ ਖਿਲਾਫ਼ ਤਿੱਖਾ ਸੰਘਰਸ਼ ਕਰਨਗੇ।



