ਜਲੰਧਰ : ਜਲੰਧਰ ਦੇ ਸ੍ਰੀ ਗੁਰੂ ਰਵਿਦਾਸ ਚੌਕ ਵਿਖੇ ਜਾਤੀਸੂਚਕ ਸ਼ਬਦ ਬੋਲੇ ਜਾਣ ਅਤੇ ਲਾਇਸੈਂਸੀ ਪਿਸਤੌਲ ਤਾਣਨ ਦੇ ਦੋਸ਼ਾਂ ਨੂੰ ਲੈ ਕੇ ਐਸਸੀ ਭਾਈਚਾਰੇ ਅਤੇ ਪ੍ਰਵਾਸੀਆਂ ਵੱਲੋਂ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਧਰਨੇ ਕਾਰਨ ਮੁੱਖ ਚੌਕ ਵਿੱਚ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਅਤੇ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਬੈਂਕ ਕਲੋਨੀ ਸਥਿਤ ਜੁੱਤੀਆਂ ਦੀ ਫੈਕਟਰੀ ਦੇ ਮਾਲਕ ਵਰੁਣ ਮਹਾਜਨ ਵੱਲੋਂ ਕਥਿਤ ਤੌਰ ‘ਤੇ ਜਾਤੀਸੂਚਕ ਸ਼ਬਦ ਵਰਤੇ ਗਏ ਅਤੇ ਹਥਿਆਰ ਦਿਖਾਇਆ ਗਿਆ।
ਸਮਝੌਤੇ ਦੀ ਕੋਸ਼ਿਸ਼ ਨਾਕਾਮ ਹੋਣ ਮਗਰੋਂ ਭੜਕਿਆ ਰੋਸ
ਮਿਲੀ ਜਾਣਕਾਰੀ ਮੁਤਾਬਕ, ਇਸ ਮਾਮਲੇ ਵਿੱਚ ਸਮਝੌਤੇ ਅਤੇ ਰਾਜ਼ੀਨਾਮੇ ਲਈ ਬੀਤੇ ਦਿਨ ਗੱਲਬਾਤ ਰੱਖੀ ਗਈ ਸੀ। ਦੋਸ਼ ਹੈ ਕਿ ਗੱਲਬਾਤ ਦੌਰਾਨ ਵਰੁਣ ਮਹਾਜਨ ਨੇ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਲੋਕਾਂ ਦਾ ਗੁੱਸਾ ਹੋਰ ਭੜਕ ਗਿਆ। ਇਸ ਰੋਸ ਵਜੋਂ ਅੱਜ ਸ੍ਰੀ ਗੁਰੂ ਰਵਿਦਾਸ ਚੌਕ ਵਿਖੇ ਸੜਕ ‘ਤੇ ਬੈਠ ਕੇ ਧਰਨਾ ਲਗਾਇਆ ਗਿਆ।
ਪੁਲਿਸ ਦੀ ਮੌਜੂਦਗੀ ਵਿੱਚ ਦੁਰਵਿਵਹਾਰ ਦੇ ਇਲਜ਼ਾਮ
ਇਸ ਮੌਕੇ ਅਯੂਬ ਖ਼ਾਨ ਨੇ ਦੱਸਿਆ ਕਿ ਸ਼ੂ ਮਾਰਕੀਟ ਦੇ ਪ੍ਰਧਾਨ ਰਵਿੰਦਰ ਚੌਧਰੀ ਅਤੇ ਉਨ੍ਹਾਂ ਦੇ ਪੁੱਤਰ ਖ਼ਿਲਾਫ਼ ਜਾਤੀਸੂਚਕ ਸ਼ਬਦ ਕਹੇ ਗਏ ਅਤੇ ਰਿਵਾਲਵਰ ਵਿਖਾਈ ਗਈ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਉਹ ਬੀਤੇ ਦਿਨ ਥਾਣੇ ਗਏ ਤਾਂ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਵੀ ਮੁੜ ਗ਼ਲਤ ਵਿਵਹਾਰ ਕੀਤਾ ਗਿਆ। ਅਯੂਬ ਖ਼ਾਨ ਅਨੁਸਾਰ, ਪੁਲਿਸ ਨੇ ਹੁਣ ਮਾਮਲਾ ਦਰਜ ਕਰਨ ਅਤੇ ਰਿਵਾਲਵਰ ਦਾ ਲਾਇਸੈਂਸ ਰੱਦ ਕਰਨ ਦਾ ਭਰੋਸਾ ਦਿੱਤਾ ਹੈ।
ਏਡੀਸੀਪੀ ਵੱਲੋਂ ਜਾਂਚ ਅਤੇ ਕਾਰਵਾਈ ਦਾ ਭਰੋਸਾ
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਧਰਨਾ ਚੁਕਾਇਆ। ਏਡੀਸੀਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਛੇ ਦਿਨ ਪਹਿਲਾਂ ਦੋ ਧਿਰਾਂ ਵਿਚਾਲੇ ਵਿਵਾਦ ਹੋਇਆ ਸੀ ਅਤੇ ਬੀਤੇ ਦਿਨ ਸਮਝੌਤੇ ਲਈ ਸਮਾਂ ਤੈਅ ਕੀਤਾ ਗਿਆ ਸੀ, ਜਿੱਥੇ ਜਾਤੀਸੂਚਕ ਸ਼ਬਦ ਕਹਿਣ ਅਤੇ ਪਿਸਤੌਲ ਤਾਣਨ ਦੇ ਦੋਸ਼ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਇਹ ਵਿਵਾਦ ਹੋਇਆ, ਉਨ੍ਹਾਂ ਨੂੰ ਵੀ ਬੁਲਾਇਆ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
333 MORE PIND CLINICS TO OPEN ACROSS PUNJAB SOON: DR BALBIR SINGH
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



