ਮੋਹਾਲੀ : ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਪੰਜਾਬ ਦਾ ਦੌਰਾ ਕਰਨ ਜਾ ਰਹੇ ਹਨ। ਇਸ ਦੌਰੇ ਦੌਰਾਨ ਉਹ ਸੂਬੇ ਨੂੰ ਕਈ ਅਹਿਮ ਤੋਹਫ਼ੇ ਦੇਣਗੇ ਅਤੇ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ।
ਆਦਮਪੁਰ ਹਵਾਈ ਅੱਡੇ ਦਾ ਨਵਾਂ ਨਾਮਕਰਨ
ਪ੍ਰਧਾਨ ਮੰਤਰੀ ਸਭ ਤੋਂ ਪਹਿਲਾਂ ਆਦਮਪੁਰ ਹਵਾਈ ਅੱਡੇ ਪਹੁੰਚਣਗੇ, ਜਿੱਥੇ ਉਹ ਇਸ ਹਵਾਈ ਅੱਡੇ ਦਾ ਨਾਂ ਬਦਲ ਕੇ ‘ਸ੍ਰੀ ਗੁਰੂ ਰਵਿਦਾਸ ਜੀ ਏਅਰਪੋਰਟ, ਆਦਮਪੁਰ’ ਰੱਖਣ ਦਾ ਰਸਮੀ ਐਲਾਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ (PMO) ਮੁਤਾਬਕ, ਇਹ ਫੈਸਲਾ ਮਹਾਨ ਸੰਤ ਅਤੇ ਸਮਾਜ ਸੁਧਾਰਕ ਸ੍ਰੀ ਗੁਰੂ ਰਵਿਦਾਸ ਜੀ ਨੂੰ ਸ਼ਰਧਾਂਜਲੀ ਦੇਣ ਲਈ ਲਿਆ ਗਿਆ ਹੈ, ਜਿਨ੍ਹਾਂ ਦੀਆਂ ਸਮਾਨਤਾ, ਦਇਆ ਅਤੇ ਮਨੁੱਖੀ ਸਨਮਾਨ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਨੂੰ ਸੇਧ ਦੇ ਰਹੀਆਂ ਹਨ।
ਲੁਧਿਆਣਾ ਨੂੰ ਮਿਲੇਗਾ ਨਵਾਂ ਹਵਾਈ ਟਰਮੀਨਲ
ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ‘ਤੇ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਵੀ ਕਰਨਗੇ। ਇਹ ਨਵਾਂ ਟਰਮੀਨਲ ਲੁਧਿਆਣਾ ਤੇ ਇਸਦੇ ਆਸ-ਪਾਸ ਦੇ ਉਦਯੋਗਿਕ ਤੇ ਖੇਤੀਬਾੜੀ ਖੇਤਰਾਂ ਲਈ ਇੱਕ ਨਵੇਂ ਗੇਟਵੇ ਵਜੋਂ ਕੰਮ ਕਰੇਗਾ।
ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਪੁਰਾਣੇ ਹਵਾਈ ਅੱਡੇ ‘ਤੇ ਰਨਵੇ ਛੋਟਾ ਹੋਣ ਕਾਰਨ ਉੱਥੇ ਸਿਰਫ਼ ਛੋਟੇ ਜਹਾਜ਼ ਹੀ ਉਤਰ ਸਕਦੇ ਸਨ। ਹੁਣ ਹਲਵਾਰਾ ਵਿਖੇ ਵਿਕਸਤ ਕੀਤੇ ਗਏ ਨਵੇਂ ਸਿਵਲ ਐਨਕਲੇਵ (Civil Enclave) ਵਿੱਚ ਲੰਬਾ ਰਨਵੇ ਬਣਾਇਆ ਗਿਆ ਹੈ, ਜੋ A320 ਵਰਗੇ ਵੱਡੇ ਜਹਾਜ਼ਾਂ ਨੂੰ ਸੰਭਾਲਣ ਦੇ ਸਮਰੱਥ ਹੈ। ਹਲਵਾਰਾ ਭਾਰਤੀ ਹਵਾਈ ਸੈਨਾ ਦਾ ਇੱਕ ਰਣਨੀਤਕ ਤੌਰ ‘ਤੇ ਅਹਿਮ ਸਟੇਸ਼ਨ ਵੀ ਹੈ।
ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣਗੇ ਪੀ.ਐਮ.
ਆਪਣੇ ਦੌਰੇ ਦੇ ਅਖੀਰਲੇ ਪੜਾਅ ਵਿੱਚ, ਪ੍ਰਧਾਨ ਮੰਤਰੀ ਜਲੰਧਰ ਜ਼ਿਲ੍ਹੇ ਵਿੱਚ ਸਥਿਤ ਡੇਰਾ ਸੱਚਖੰਡ ਬੱਲਾਂ ਵਿਖੇ ਜਾਣਗੇ। ਉੱਥੇ ਉਹ ਸ੍ਰੀ ਗੁਰੂ ਰਵਿਦਾਸ ਜੀ ਦੇ ਸਨਮਾਨ ਵਿੱਚ ਮੱਥਾ ਟੇਕਣਗੇ ਅਤੇ ਇੱਕ ਵਿਸ਼ਾਲ ਜਨਤਕ ਸਮਾਗਮ ਵਿੱਚ ਹਿੱਸਾ ਲੈਣਗੇ।



