ਮੌੜ ਮੰਡੀ : ਆਪਣੇ ਅੜੀਅਲ ਅਤੇ ਗਲਤ ਫੈਸਲਿਆਂ ਕਾਰਨ ਹਮੇਸ਼ਾ ਸੁਰਖੀਆਂ ਵਿੱਚ ਰਹਿਣ ਵਾਲਾ ਪਾਵਰਕਾਮ ਵਿਭਾਗ ਇੱਕ ਵਾਰ ਫਿਰ ਵੱਡੇ ਵਿਵਾਦਾਂ ਵਿੱਚ ਹੈ। ਬਿਜਲੀ ਬੋਰਡ ਵੱਲੋਂ ਮੌੜ ਮੰਡੀ ਦੇ ਸਰਕਾਰੀ ਸਮਾਰਟ ਸਕੂਲ ਦਾ ਬਿਜਲੀ ਕਨੈਕਸ਼ਨ ਕੱਟ ਦਿੱਤੇ ਜਾਣ ਕਾਰਨ ਸਕੂਲ ਦੇ ਸੈਂਕੜੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਸਕੂਲ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੈ, ਜਿਸ ਕਾਰਨ ਅੱਤ ਦੀ ਗਰਮੀ ਦੇ ਇਸ ਮੌਸਮ ਵਿੱਚ ਮਾਸੂਮ ਬੱਚਿਆਂ ਦਾ ਹਾਲ ਬੇਹਾਲ ਹੋ ਚੁੱਕਾ ਹੈ।
ਰੁੱਖਾਂ ਹੇਠ ਲੱਗ ਰਹੀਆਂ ਕਲਾਸਾਂ
ਬਿਜਲੀ ਸਪਲਾਈ ਬੰਦ ਹੋਣ ਕਾਰਨ ਸਕੂਲ ਵਿੱਚ ਲੱਗੇ ਪੱਖੇ ਅਤੇ ਪਾਣੀ ਵਾਲੀਆਂ ਮੋਟਰਾਂ ਪੂਰੀ ਤਰ੍ਹਾਂ ਬੰਦ ਪਈਆਂ ਹਨ। ਇਸ ਕੜਕਦੀ ਗਰਮੀ ਵਿੱਚ ਬੱਚਿਆਂ ਨੂੰ ਪੀਣ ਲਈ ਸਾਫ਼ ਪਾਣੀ ਤੱਕ ਨਸੀਬ ਨਹੀਂ ਹੋ ਰਿਹਾ। ਜਮਾਤਾਂ ਦੇ ਕਮਰੇ ਤੰਦੂਰ ਵਾਂਗ ਤਪ ਰਹੇ ਹਨ, ਜਿਸ ਕਾਰਨ ਅਧਿਆਪਕ ਬੱਚਿਆਂ ਨੂੰ ਕਮਰਿਆਂ ਤੋਂ ਬਾਹਰ ਕੱਢ ਕੇ ਰੁੱਖਾਂ ਦੀ ਅਧਖੜ ਛਾਂ ਹੇਠ ਪੜ੍ਹਾਉਣ ਲਈ ਮਜਬੂਰ ਹਨ। ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਬਿਜਲੀ ਬੋਰਡ ਵਿਰੁੱਧ ਤਿੱਖਾ ਰੋਸ ਪ੍ਰਗਟ ਕਰਦਿਆਂ ਸਵਾਲ ਚੁੱਕਿਆ ਹੈ ਕਿ ਅਜਿਹੇ ਮਾਹੌਲ ਵਿੱਚ ਛੋਟੇ-ਛੋਟੇ ਬੱਚੇ ਕਿਵੇਂ ਪੜ੍ਹਾਈ ਕਰ ਸਕਦੇ ਹਨ?
ਬਜਟ ਖ਼ਤਮ ਹੁੰਦਿਆਂ ਹੀ ਕੱਟੀ ਬਿਜਲੀ
ਜਦੋਂ ਇਸ ਗੰਭੀਰ ਮਾਮਲੇ ਸਬੰਧੀ ਬਿਜਲੀ ਬੋਰਡ ਦੇ ਸਬੰਧਿਤ SDO ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਪਾਵਰਕਾਮ ਦੇ ਨਵੇਂ ਸਿਸਟਮ ਦਾ ਹਵਾਲਾ ਦਿੱਤਾ। ਐਸ.ਡੀ.ਓ. ਨੇ ਦੱਸਿਆ ਕਿ ਸਰਕਾਰੀ ਸਮਾਰਟ ਸਕੂਲ ਵਿੱਚ ਨਵੀਂ ਤਕਨੀਕ ਵਾਲਾ ‘ਸਮਾਰਟ ਪ੍ਰੀਪੇਡ ਮੀਟਰ’ ਲਗਾਇਆ ਗਿਆ ਹੈ। ਇਹ ਮੀਟਰ ਮੋਬਾਈਲ ਰੀਚਾਰਜ ਵਾਂਗ ਕੰਮ ਕਰਦਾ ਹੈ ਅਤੇ ਇਸ ਵਿੱਚ ਪੈਸੇ ਹੋਣ ‘ਤੇ ਹੀ ਬਿਜਲੀ ਚੱਲਦੀ ਹੈ। ਸਕੂਲ ਦੇ ਖਾਤੇ ਵਿੱਚੋਂ ਬਜਟ/ਪੈਸੇ ਖ਼ਤਮ ਹੋਣ ਕਾਰਨ ਮੀਟਰ ਨੇ ਆਪਣੇ-ਆਪ ਬਿਜਲੀ ਸਪਲਾਈ ਬੰਦ ਕਰ ਦਿੱਤੀ ਹੈ।
ਕਾਰਵਾਈ ਦੀ ਮੰਗ
ਸਕੂਲ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬੱਚਿਆਂ ਦੇ ਭਵਿੱਖ ਅਤੇ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਦੀ ਬਿਜਲੀ ਸਪਲਾਈ ਤੁਰੰਤ ਬਹਾਲ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਸਕੂਲ ਦਾ ਮੀਟਰ ਚਾਲੂ ਨਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਸਿੱਧੀ ਪ੍ਰਸ਼ਾਸਨ ਦੀ ਹੋਵੇਗੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
New Zealand earthquake : ਨਿਊਜ਼ੀਲੈਂਡ ‘ਚ ਆਇਆ 6.3 ਦੀ ਤਿਬਰਤਾ ਦਾ ਭੂਚਾਲ, ਸੁਨਾਮੀ ਦੀ ਚੇਤਾਵਨੀ ਜਾਰੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



