ਕੈਥਲ: ਸਾਈਬਰ ਅਪਰਾਧਾਂ ਅਤੇ ਵਿਦੇਸ਼ੀ ਨੰਬਰਾਂ ਤੋਂ ਆਉਣ ਵਾਲੀਆਂ ਫਿਰੌਤੀ ਦੀਆਂ ਕਾਲਾਂ ‘ਤੇ ਨੱਥ ਪਾਉਣ ਲਈ ਹਰਿਆਣਾ ਪੁਲਿਸ ਨੇ ਇੱਕ ਵੱਡੀ ਪਹਿਲ ਕੀਤੀ ਹੈ। ਪੁਲਿਸ ਵੱਲੋਂ ‘ਅਭੇਦਯ’ ਐਪ ਅਤੇ ‘ਡਬਲ ਓਟੀਪੀ’ ਣਾਲੀ ਲਾਗੂ ਕੀਤੀ ਗਈ ਹੈ, ਤਾਂ ਜੋ ਆਮ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਇਹ ਕਦਮ ਖਾਸ ਤੌਰ ‘ਤੇ ‘ਡਿਜੀਟਲ ਅਰੈਸਟ’, ਫਰਜ਼ੀ ਨਿਵੇਸ਼ ਸਕੀਮਾਂ ਅਤੇ ਆਨਲਾਈਨ ਧੋਖਾਧੜੀ ਨੂੰ ਰੋਕਣ ਲਈ ਚੁੱਕਿਆ ਗਿਆ ਹੈ।
‘ਅਭੇਦਯ’ ਐਪ
ਕੈਥਲ ਦੇ ਡੀਐਸਪੀ ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਅਭੇਦਯ’ ਐਪ ਆਮ ਲੋਕਾਂ ਲਈ ਇੱਕ ਸੁਰੱਖਿਆ ਕਵਚ ਵਾਂਗ ਕੰਮ ਕਰੇਗੀ। ਇਹ ਐਪ ਅਣਪਛਾਤੇ, ਸ਼ੱਕੀ ਅਤੇ ਵਿਦੇਸ਼ੀ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਤੇ ਮੈਸੇਜਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਆਪਣੇ-ਆਪ ਬਲਾਕ ਕਰ ਦਿੰਦੀ ਹੈ। ਇਸ ਨਾਲ ਡਰਾਉਣ-ਧਮਕਾਉਣ ਵਾਲੀਆਂ ਕਾਲਾਂ ਅਤੇ ਠੱਗੀ ਦੀਆਂ ਕੋਸ਼ਿਸ਼ਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਸ ਐਪ ਨੂੰ ਇੰਸਟਾਲ ਕਰਵਾਉਣਾ ਚਾਹੁੰਦੇ ਹਨ, ਉਹ ਜ਼ਿਲ੍ਹੇ ਦੇ ਕਿਸੇ ਵੀ ਥਾਣੇ ਜਾਂ ਚੌਕੀ ਵਿੱਚ ਸੰਪਰਕ ਕਰ ਸਕਦੇ ਹਨ।
ਬਜ਼ੁਰਗਾਂ ਲਈ ਵਰਦਾਨ
ਸਾਈਬਰ ਠੱਗ ਅਕਸਰ ਬਜ਼ੁਰਗਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਇਸ ਤੋਂ ਬਚਣ ਲਈ ‘ਡਬਲ ਓਟੀਪੀ’ ਸਿਸਟਮ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਬੈਂਕ ਲੈਣ-ਦੇਣ ਦੌਰਾਨ ਦੋ ਪੱਧਰੀ ਪੁਸ਼ਟੀ ਹੋਵੇਗੀ। ਪਹਿਲਾ OTP ਖਾਤਾ ਧਾਰਕ ਦੇ ਮੋਬਾਈਲ ‘ਤੇ ਆਵੇਗਾ ਅਤੇ ਦੂਜਾ OTP ਉਸ ਦੇ ਕਿਸੇ ਭਰੋਸੇਮੰਦ ਪਰਿਵਾਰਕ ਮੈਂਬਰ ਜਾਂ ਦੋਸਤ ਦੇ ਮੋਬਾਈਲ ‘ਤੇ ਜਾਵੇਗਾ। ਲੋਕ ਆਪਣੇ ਬੈਂਕ ਵਿੱਚ ਜਾ ਕੇ ਇਸ ਸਹੂਲਤ ਨੂੰ ਲਾਗੂ ਕਰਵਾ ਸਕਦੇ ਹਨ, ਤਾਂ ਜੋ ਬਿਨਾਂ ਜਾਣਕਾਰੀ ਦੇ ਕੋਈ ਵੀ ਲੈਣ-ਦੇਣ ਨਾ ਹੋ ਸਕੇ।
ਪੁਲਿਸ ਦੀ ਜਨਤਾ ਨੂੰ ਅਪੀਲ
ਡੀਐਸਪੀ ਗੁਰਵਿੰਦਰ ਸਿੰਘ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਧਮਕੀ ਭਰੀ ਜਾਂ ਫਿਰੌਤੀ ਵਾਲੀ ਕਾਲ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਅਣਪਛਾਤੇ ਲਿੰਕਾਂ ਜਾਂ ਮੈਸੇਜਾਂ ‘ਤੇ ਕਲਿੱਕ ਨਾ ਕਰੋ ਅਤੇ ਕਦੇ ਵੀ ਆਪਣਾ OTP ਜਾਂ ਬੈਂਕ ਵੇਰਵੇ ਸਾਂਝੇ ਨਾ ਕਰੋ। ਕਿਸੇ ਵੀ ਤਰ੍ਹਾਂ ਦੀ ਸਾਈਬਰ ਠੱਗੀ ਹੋਣ ‘ਤੇ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 ‘ਤੇ ਕਾਲ ਕਰੋ ਜਾਂ ਡਾਇਲ 112 ਦੀ ਸਹਾਇਤਾ ਲਓ।



