ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਜਕਾਰਤਾ (ਇੰਡੋਨੇਸ਼ੀਆ) ਦੇ ਕਨਵੈਨਸ਼ਨ ਸੈਂਟਰ ਵਿੱਚ ਆਯੋਜਿਤ ਇੱਕ ਵਿਸ਼ੇਸ਼ ਭਾਈਚਾਰਕ ਪ੍ਰੋਗਰਾਮ ਦੌਰਾਨ ਉੱਥੇ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਭਾਰਤ ਅਤੇ ਇੰਡੋਨੇਸ਼ੀਆ ਦੇ ਮਜ਼ਬੂਤ ਰਿਸ਼ਤਿਆਂ ਦਾ ਜ਼ਿਕਰ ਕਰਦਿਆਂ ਬਾਲੀਵੁੱਡ ਦੀ ਸੁਪਰਹਿੱਟ ਫਿਲਮ ‘ਕੁਛ ਕੁਛ ਹੋਤਾ ਹੈ’ ਦਾ ਹਵਾਲਾ ਦਿੱਤਾ, ਜਿਸ ਦੀ ਹੁਣ ਹਰ ਪਾਸੇ ਕਾਫੀ ਚਰਚਾ ਹੋ ਰਹੀ ਹੈ।
ਫਿਲਮ ਦੇ ਸੁਪਰਹਿੱਟ ਗੀਤ ਰਾਹੀਂ ਸਮਝਾਇਆ ਦੋਵਾਂ ਦੇਸ਼ਾਂ ਦਾ ਰਿਸ਼ਤਾ
ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਦੇਖਿਆ ਹੈ ਕਿ ਇੰਡੋਨੇਸ਼ੀਆ ਵਿੱਚ ਬਾਲੀਵੁੱਡ ਫਿਲਮ ‘ਕੁਛ ਕੁਛ ਹੋਤਾ ਹੈ’ ਦਾ ਟਾਈਟਲ ਗੀਤ ਬਹੁਤ ਜ਼ਿਆਦਾ ਮਕਬੂਲ ਹੈ। ਉਨ੍ਹਾਂ ਅੱਗੇ ਦੱਸਿਆ, “ਅੱਜ ਮੈਂ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਨੂੰ ਕਿਹਾ ਕਿ ਜਦੋਂ ਭਾਰਤ ਅਤੇ ਇੰਡੋਨੇਸ਼ੀਆ ਆਪਸੀ ਸਹਿਯੋਗ ਨਾਲ ਅੱਗੇ ਵਧਦੇ ਹਨ, ਤਾਂ ਇਹ ਸਿਰਫ਼ ‘ਕੁਛ ਕੁਛ’ ਤੱਕ ਸੀਮਤ ਨਹੀਂ ਰਹਿੰਦਾ, ਬਲਕਿ ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ‘ਬਹੁਤ ਕੁਝ ਹੁੰਦਾ ਹੈ’।”
ਕਰਨ ਜੌਹਰ ਦੇ ‘ਧਰਮਾ ਪ੍ਰੋਡਕਸ਼ਨ’ ਨੇ ਸਾਂਝੀ ਕੀਤੀ ਵੀਡੀਓ
ਪ੍ਰਧਾਨ ਮੰਤਰੀ ਦੇ ਭਾਸ਼ਣ ਵਿੱਚ ਆਪਣੀ ਡੈਬਿਊ ਫਿਲਮ ਦਾ ਜ਼ਿਕਰ ਸੁਣ ਕੇ ਮਸ਼ਹੂਰ ਫਿਲਮ ਨਿਰਮਾਤਾ ਕਰਨ ਜੌਹਰ ਬੇਹੱਦ ਉਤਸ਼ਾਹਿਤ ਅਤੇ ਖੁਸ਼ ਨਜ਼ਰ ਆਏ। ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ‘ਧਰਮਾ ਪ੍ਰੋਡਕਸ਼ਨ’ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ‘ਤੇ ਪੀਐਮ ਮੋਦੀ ਦੇ ਇਸ ਬਿਆਨ ਦੀ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਸਾਂਝੀ ਕੀਤੀ ਹੈ। ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਗਿਆ, ‘ਸਿਨੇਮਾ ਅਤੇ ਸੰਗੀਤ ਸਰਹੱਦਾਂ ਤੋਂ ਪਾਰ ਜਾ ਕੇ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਇੱਕ ਬਹੁਤ ਹੀ ਅਨੋਖਾ ਜ਼ਰੀਆ ਹੈ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਕਾਰਤਾ ਵਿੱਚ ‘ਕੁਛ ਕੁਛ ਹੋਤਾ ਹੈ’ ਨੂੰ ਦੁਨੀਆ ਭਰ ਵਿੱਚ ਮਿਲ ਰਹੇ ਪਿਆਰ ਦਾ ਜ਼ਿਕਰ ਕੀਤਾ ਹੈ, ਜਿਸ ਲਈ ਅਸੀਂ ਬਹੁਤ ਸਨਮਾਨਿਤ ਮਹਿਸੂਸ ਕਰ ਰਹੇ ਹਾਂ।’
ਸਾਲ 1998 ਵਿੱਚ ਰਿਲੀਜ਼ ਹੋਈ ਸੀ ਪ੍ਰਸ਼ੰਸਕਾਂ ਦਾ ਮਨਪਸੰਦੀਦਾ ਗਾਣਾ
ਜੇਕਰ ਫਿਲਮ ‘ਕੁਛ ਕੁਛ ਹੋਤਾ ਹੈ’ ਦੀ ਗੱਲ ਕਰੀਏ ਤਾਂ ਇਹ 16 ਅਕਤੂਬਰ 1998 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਜ਼ਰੀਏ ਹੀ ਕਰਨ ਜੌਹਰ ਨੇ ਨਿਰਦੇਸ਼ਨ (ਡਾਇਰੈਕਸ਼ਨ) ਦੀ ਦੁਨੀਆ ਵਿੱਚ ਕਦਮ ਰੱਖਿਆ ਸੀ। ਇਸ ਫਿਲਮ ਨੇ ਹਿੰਦੀ ਸਿਨੇਮਾ ਨੂੰ ਇੱਕ ਨਵਾਂ ਮੋੜ ਦਿੱਤਾ ਅਤੇ ਬਾਕਸ ਆਫਿਸ ‘ਤੇ ਸਫਲਤਾ ਦੇ ਨਵੇਂ ਝੰਡੇ ਗੱਡੇ। ਫਿਲਮ ਵਿੱਚ ਸ਼ਾਹਰੁਖ ਖਾਨ, ਕਾਜੋਲ, ਰਾਣੀ ਮੁਖਰਜੀ ਅਤੇ ਸਲਮਾਨ ਖਾਨ ਵਰਗੇ ਵੱਡੇ ਸਿਤਾਰਿਆਂ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਫਿਲਮ ਦੇ ਨਾਲ-ਨਾਲ ਇਸ ਦਾ ਮਿਊਜ਼ਿਕ ਵੀ ਸੁਪਰਹਿੱਟ ਰਿਹਾ ਸੀ, ਜਿਸ ਨੂੰ ਸੰਗੀਤਕਾਰ ਜੋੜੀ ਜਤਿਨ-ਲਲਿਤ ਨੇ ਤਿਆਰ ਕੀਤਾ ਸੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



