ਫਿਲੌਰ : ਫਿਲੌਰ ਦੇ ਰੇਲਵੇ ਫਾਟਕ ਨੇੜੇ ਇੱਕ ਬਹੁਤ ਹੀ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਲੁਟੇਰਿਆਂ ਨੇ ਦਹਿਸ਼ਤ ਫੈਲਾਉਂਦਿਆਂ ਇੱਕ ਵੱਡੀ ਡਕੈਤੀ ਨੂੰ ਅੰਜਾਮ ਦਿੱਤਾ ਹੈ। ਮੋਟਰਸਾਈਕਲ ਸਵਾਰ 5 ਤੋਂ 6 ਹਥਿਆਰਬੰਦ ਨੌਜਵਾਨਾਂ ਨੇ ਇੱਕ ਆਲਟੋ ਕਾਰ ਨੂੰ ਘੇਰ ਕੇ ਫਾਇਨਾਂਸ ਕੰਪਨੀ ਦੇ ਕਰਮਚਾਰੀਆਂ ਕੋਲੋਂ ਲੱਖਾਂ ਰੁਪਏ ਲੁੱਟ ਲਏ। ਇਸ ਹਮਲੇ ਦੌਰਾਨ ਕਾਰ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਬੈਂਕ ਬੰਦ ਹੋਣ ਕਾਰਨ ਵਾਪਸ ਲੈ ਕੇ ਜਾ ਰਹੇ ਸਨ ਨਕਦੀ
ਜ਼ਖ਼ਮੀ ਨੌਜਵਾਨ ਦੀ ਪਛਾਣ ਅੰਕੁਸ਼ (ਨੂਰਮਹਿਲ ਨਿਵਾਸੀ) ਵਜੋਂ ਹੋਈ ਹੈ। ਅੰਕੁਸ਼ ਨੇ ਦੱਸਿਆ ਕਿ ਉਹ ਜਲੰਧਰ ਦੀ ਇੱਕ ਫਾਇਨਾਂਸ ਕੰਪਨੀ ਵਿੱਚ ਕੰਮ ਕਰਦਾ ਹੈ। ਉਹ ਆਪਣੇ ਸਾਥੀ ਲਵਪ੍ਰੀਤ ਨਾਲ ਚਿੱਟੇ ਰੰਗ ਦੀ ਆਲਟੋ ਕਾਰ (PB10 GP 4902) ਵਿੱਚ ਸਵਾਰ ਹੋ ਕੇ ਨਵਾਂਸ਼ਹਿਰ ਤੋਂ ਨੂਰਮਹਿਲ ਜਾ ਰਿਹਾ ਸੀ। ਬੈਂਕ ਬੰਦ ਹੋਣ ਕਾਰਨ ਉਹ ਕੰਪਨੀ ਦੀ ਉਗਰਾਹੀ ਦੇ ਪੈਸੇ ਜਮ੍ਹਾਂ ਨਹੀਂ ਕਰਵਾ ਸਕੇ ਸਨ ਅਤੇ ਨਕਦੀ ਨਾਲ ਲੈ ਕੇ ਵਾਪਸ ਪਰਤ ਰਹੇ ਸਨ।
ਘੇਰਾਬੰਦੀ ਕਰਕੇ ਕੀਤਾ ਤਾਬੜਤੋੜ ਹਮਲਾ
ਜਦੋਂ ਉਹ ਫਿਲੌਰ ਰੇਲਵੇ ਫਾਟਕ ਨੇੜੇ ਨੂਰਮਹਿਲ ਰੋਡ ‘ਤੇ ਪਹੁੰਚੇ ਤਾਂ ਅਚਾਨਕ ਮੋਟਰਸਾਈਕਲਾਂ ‘ਤੇ ਸਵਾਰ 5-6 ਲੁਟੇਰਿਆਂ ਨੇ ਉਨ੍ਹਾਂ ਦੀ ਕਾਰ ਨੂੰ ਚਾਰੋਂ ਪਾਸਿਓਂ ਘੇਰ ਲਿਆ। ਮੁਲਜ਼ਮਾਂ ਨੇ ਕਾਰ ‘ਤੇ ਹਮਲਾ ਕਰ ਦਿੱਤਾ ਅਤੇ ਅੰਕੁਸ਼ ਨੂੰ ਜ਼ਖ਼ਮੀ ਕਰਕੇ 2 ਲੱਖ ਰੁਪਏ ਦੀ ਨਕਦੀ ਨਾਲ ਭਰਿਆ ਬੈਗ ਖੋਹ ਕੇ ਫਰਾਰ ਹੋ ਗਏ। ਜ਼ਖ਼ਮੀ ਹਾਲਤ ਵਿੱਚ ਅੰਕੁਸ਼ ਨੂੰ ਫਿਲੌਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਸ਼ੁਰੂ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲ ਰਹੇ ਹਨ ਅਤੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਕਿ ਕੀ ਇਹ ਵਾਕਈ ਲੁੱਟ ਦੀ ਵਾਰਦਾਤ ਹੈ ਜਾਂ ਫਿਰ ਇਸ ਪਿੱਛੇ ਕੋਈ ਪੁਰਾਣੀ ਰੰਜਿਸ਼ ਜਾਂ ਕੋਈ ਹੋਰ ਕਾਰਨ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/chandigarh-attack-youth-attacked-with-knives-outside-nightclub-video-goes-viral/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



