ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ, ਪੰਜਾਬ ਨੂੰ ਨਸ਼ਾ ਮੁਕਤ ਰਾਜ ਬਣਾਇਆ ਜਾਵੇਗਾ ਪਰ ਅਫ਼ਸੋਸ ਸਰਕਾਰ ਬਣਨ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਪੰਜਾਬ ਸਰਕਾਰ ਆਪਣੇ ਕੀਤੇ ਵਾਅਦੇ ‘ਚ ਫੇਲ ਹੋਈ ਹੈ। ਸੂਬੇ ਦੇ ਲੋਕਾਂ ਵਿੱਚ ਨਸ਼ਿਆਂ ਖਿਲਾਫ਼ ਸਰਕਾਰ ਵਿਰੁੱਧ ਰੋਸ ਹੈ।
ਦੱਸ ਦਈਏ ਵੱਧ ਰਹੇ ਨਸ਼ਿਆਂ ਤੋਂ ਪਰੇਸ਼ਾਨ ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੇ ਲੋਕਾਂ ਨੇ ਨਸ਼ਿਆਂ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਹੈ ਅਤੇ ਧਰਨੇ ‘ਚੇ ਬੈਠੇ ਹੋਏ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ, ਸੂਬੇ ‘ਚ ਨਸ਼ਾ ਬੰਦ ਨਾ ਹੋਂਣ ਕਾਰਨ ਕਈ ਲੋਕਾਂ ਦੇ ਘਰਾਂ ਦੇ ਦੀਵੇ ਬੁਝ ਗਏ ਹਨ, ਜਿਸ ਚਲਦਿਆਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਜਾ ਰਹੀ ਹੈ।
ਉੱਥੇ ਹੀ ਸ਼ਹਿਰ ਦੀ ਇੱਕ ਅਪਾਹਿਜ ਔਰਤ ਨੇ ਦੱਸਿਆ ਕਿ, ਉਸ ਦਾ ਪੁੱਤ ਵੀ ਚਿੱਟੇ ਦੀ ਭੇਂਟ ਚੜ੍ਹ ਗਿਆ ਹੈ। ਔਰਤ ਨੇ ਖੁਲਾਸਾ ਕੀਤਾ ਕਿ, ਕੁਝ ਔਰਤਾਂ ਵੀ ਨਸ਼ਾ ਖਰੀਦਣ ਅਤੇ ਵੇਚਣ ਦਾ ਵਪਾਰ ਕਰਦੀਆਂ ਹਨ, ਜਿਨ੍ਹਾਂ ਨੂੰ ਪੁਲਿਸ ਹਿਰਾਸਤ ‘ਚ ਲੈਣਾਂ ਚਾਹੀਦਾ ਹੈ। ਪਰੇਸ਼ਾਨ ਔਰਤ ਨੇ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ, ਇਸ ਦੀ ਜਿੰਮੇਵਾਰ ਸਰਕਾਰ ਹੈ ਤਾਂ ਹੀ ਨਸ਼ਾ ਪੰਜਾਬ ‘ਚ ਆਮ ਵਿਕ ਰਿਹਾ ਹੈ।
ਧਰਨੇ ‘ਤੇ ਬੈਠੇ ਲੋਕਾਂ ਦਾ ਕਹਿਣਾ ਹੈ ਕਿ, ਜਦੋਂ ਤੱਕ ਸ਼ਹਿਰ ‘ਚ ਚਿੱਟੇ ਦਾ ਵਪਾਰ ਕਰਦੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ਼ ਬਣਦੀ ਕਾਰਜਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹਿਣ ਵਾਲਾ ਹੈ। ਧਰਨਾ ਪ੍ਰਦਰਸ਼ਕਾਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਖੇਡ ਮੰਤਰੀ ਤੋਂ ਨਸ਼ੇ ਨੂੰ ਜੜੋਂ ਖਤਮ ਕਰਨ ਦੀ ਅਪੀਲ ਕੀਤੀ ਹੈ।



