ਪਟਨਾ: ਪਟਨਾ ਵਿਚ 36 ਸਾਲਾ ਮੋਨਾ ਰਾਏ ਜ਼ਿੰਦਗੀ ਦੀ ਜੰਗ ਹਾਰ ਗਈ। ਉਨ੍ਹਾਂ ਨੇ ਐਤਵਾਰ ਨੂੰ ਹਸਪਤਾਲ ਵਿਚ ਦਮ ਤੋੜ ਦਿੱਤਾ। ਮੋਨਾ ਨੂੰ ਬੀਤੇ ਦਿਨ ਮੰਗਲਵਾਰ ਨੂੰ ਦੋ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਦਿੱਤੀ ਸੀ। ਗੋਲੀ ਲੱਗਣ ਤੋਂ ਬਾਅਦ ਤੋਂ ਹੀ ਮੋਨਾ ਹਸਪਤਾਲ ਵਿਚ ਦਾਖਲ ਸੀ, ਐਤਵਾਰ ਨੂੰ ਉਸ ਦੀ ਮੌਤ ਹੋ ਗਈ। ਘਟਨਾ ਤੋਂ 5 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਅਜੇ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ।
ਕਦੋਂ ਹੋਈ ਘਟਨਾ?
ਮੋਨਾ ਨੂੰ ਮੰਗਲਵਾਰ ਰਾਤ ਨੂੰ ਅਣਪਛਾਤੇ ਅਪਰਾਧੀਆਂ ਨੇ ਰਾਜਧਾਨੀ ਦੇ ਰਾਜੀਵ ਨਗਰ ਥਾਣਾ ਅਧੀਨ ਪੈਂਦੇ ਰਾਮ ਨਗਰੀ ਕਾਲੋਨੀ ਵਿਚ ਗੋਲੀ ਮਾਰ ਦਿੱਤੀ ਸੀ। ਘਟਨਾ ਉਸ ਵੇਲੇ ਵਾਪਰੀ ਜਦੋਂ ਰਾਤ ਦੇ ਤਕਰੀਬਨ 10 ਵਜੇ ਮੋਨਾ ਆਪਣੀ 11 ਸਾਲ ਦੀ ਬੇਟੀ ਦੇ ਨਾਲ ਦੁਰਗਾ ਪੂਜਾ ਤੋਂ ਵਾਪਸ ਘਰ ਪਰਤ ਰਹੀ ਸੀ। ਮੋਨਾ ਆਪਣੀ ਬੇਟੀ ਦੇ ਨਾਲ ਘਰ ਦੇ ਗੇਟ ਨੇੜੇ ਪਹੁੰਚੀ, ਉਥੇ ਪਹਿਲਾਂ ਤੋਂ ਹੀ ਮੋਟਰਸਾਈਕਲ ਸਵਾਰ ਦੋ ਅਪਰਾਧੀ ਉਸ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਨੇ ਮੋਨਾ ਨੂੰ ਗੋਲੀ ਮਾਰੀ ਤੇ ਉਥੋਂ ਫਰਾਰ ਹੋ ਗਏ। ਮੋਨਾ ਨੂੰ ਲੱਕ ਵਿਚ ਗੋਲੀ ਲੱਗੀ ਸੀ। ਇਸ ਘਟਨਾ ਵਿਚ ਉਸ ਦੀ ਬੇਟੀ ਵਾਲ-ਵਾਲ ਬਚ ਗਈ ਸੀ।
ਮੋਨਾ ਪਟਨਾ ਦੀ ਇਕ ਮਸ਼ਹੂਰ ਮਾਡਲ ਸੀ ਤੇ 2021 ਵਿਚ ਮਿਸ ਐਂਡ ਮਿਸੇਜ ਗਲੋਬਲ ਬਿਹਾਰ ਵਿਚ ਰਨਰ ਅਪ ਰਹਿ ਚੁੱਕੀ ਸੀ। ਮੋਨਾ ਪਿਛਲੇ ਕੁਝ ਸਾਲਾਂ ਤੋਂ ਟਿਕਟਾਕ ਉੱਤੇ ਵੀਡੀਓ ਬਣਾ ਕੇ ਕਾਫੀ ਲੋਕਪ੍ਰਿਯ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮਾਡਲਿੰਗ ਦਾ ਮੌਕਾ ਮਿਲਿਆ ਸੀ।



