ਪਟਿਆਲਾ: ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਅਪਰਾਧਿਕ ਅਨਸਰਾਂ ਨੂੰ ਨੱਥ ਪਾਉਣ ਲਈ ਪਟਿਆਲਾ ਪੁਲਿਸ ਵੱਲੋਂ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। ਐਸ.ਐਸ.ਪੀ. ਪਟਿਆਲਾ ਸ਼੍ਰੀ ਵਰੁਣ ਸ਼ਰਮਾ (IPS) ਦੀਆਂ ਸਖ਼ਤ ਹਦਾਇਤਾਂ ‘ਤੇ ਵਿੱਢੀ ਗਈ ਵਿਸ਼ੇਸ਼ ਮੁਹਿੰਮ ‘ਆਪਰੇਸ਼ਨ ਪ੍ਰਹਾਰ-3’ ਤਹਿਤ ਪੁਲਿਸ ਨੇ ਵੱਖ-ਵੱਖ ਇਲਾਕਿਆਂ ਵਿੱਚ ਛਾਪੇਮਾਰੀ ਕਰਕੇ 8 ਲੋੜੀਂਦੇ (ਵਾਂਟੇਡ) ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਧੱਕ ਦਿੱਤਾ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ-1 ਸੰਜੀਵ ਸਿੰਗਲਾ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿੱਚ ਇੱਕ ਨਾਮੀ ਭਗੌੜਾ (ਪੀ.ਓ.) ਵੀ ਸ਼ਾਮਲ ਹੈ, ਜੋ ਲੰਬੇ ਸਮੇਂ ਤੋਂ ਪੁਲਿਸ ਦੀ ਅੱਖ ਵਿੱਚ ਘੱਟਾ ਪਾ ਕੇ ਫ਼ਰਾਰ ਚੱਲ ਰਿਹਾ ਸੀ।
ਸਵੇਰੇ 5 ਵਜੇ ਤੋਂ ਦੇਰ ਰਾਤ ਤੱਕ ਚੱਲੀਆਂ ਰੇਡਾਂ
ਡੀਐਸਪੀ ਸਿਟੀ-1 ਮੁਤਾਬਕ ਇਹ ਸਰਚ ਆਪਰੇਸ਼ਨ ਤੜਕਸਾਰ ਸਵੇਰੇ 5 ਵਜੇ ਪੂਰੀ ਪਲੈਨਿੰਗ ਨਾਲ ਸ਼ੁਰੂ ਕੀਤਾ ਗਿਆ, ਜੋ ਦੇਰ ਰਾਤ ਤੱਕ ਨਿਰੰਤਰ ਜਾਰੀ ਰਿਹਾ। ਇਸ ਮੁਹਿੰਮ ਦੌਰਾਨ ਸਾਰੇ ਥਾਣਿਆਂ ਦੇ ਐਸਐਚਓਜ਼ (SHOs) ਅਤੇ ਪੁਲਿਸ ਦੀਆਂ ਵਿਸ਼ੇਸ਼ ਟੁਕੜੀਆਂ ਨੇ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ ਸ਼ੱਕੀ ਟਿਕਾਣਿਆਂ, ਲੁਟੇਰਿਆਂ ਅਤੇ ਚੋਰਾਂ ਦੇ ਗੜ੍ਹਾਂ ‘ਤੇ ਤਾਬੜਤੋੜ ਰੇਡਾਂ ਕੀਤੀਆਂ। ਪੁਲਿਸ ਨੇ ਕਾਬੂ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 6 ਤੋਂ 7 ਚੋਰੀ ਦੇ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ। ਫਿਲਹਾਲ ਪੁਲਿਸ ਇਨ੍ਹਾਂ ਸਾਰਿਆਂ ਦੇ ਪੁਰਾਣੇ ਅਪਰਾਧਿਕ ਪਿਛੋਕੜ ਅਤੇ ਰਿਕਾਰਡ ਨੂੰ ਖੰਗਾਲ ਰਹੀ ਹੈ ਤਾਂ ਜੋ ਹੋਰ ਵੀ ਕਈ ਅਣਸੁਲਝੀਆਂ ਵਾਰਦਾਤਾਂ ਦੇ ਭੇਤ ਖੁੱਲ੍ਹ ਸਕਣ।
ਮੁਹਿੰਮ ਦੇ ਦੂਜੇ ਪੜਾਅ ਤਹਿਤ ਸ਼ਾਮ ਵੇਲੇ ਸ਼ਹਿਰ ਦੇ ਮੁੱਖ ਚੌਕਾਂ ਵਿੱਚ ਵਿਸ਼ੇਸ਼ ਹਾਈ-ਟੈਕ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਵਾਹਨ ਚਾਲਕਾਂ ‘ਤੇ ਪੁਲਿਸ ਦਾ ਵੱਡਾ ਡੰਡਾ ਚੱਲਿਆ। ਖ਼ਾਸ ਕਰਕੇ ਵਾਹਨਾਂ ‘ਤੇ ਕਾਲੀ ਫ਼ਿਲਮ (ਬਲੈਕ ਫ਼ਿਲਮ), ਗੈਰ-ਕਾਨੂੰਨੀ ਪ੍ਰੈਸ਼ਰ ਹੂਟਰ, ਫਲੈਸ਼ ਲਾਈਟਾਂ ਅਤੇ ਰੌਬ ਜਮਾਉਣ ਲਈ ਲਾਏ ਗਏ ਜਾਅਲੀ “ਪੁਲਿਸ” ਸਟਿੱਕਰ ਤੇ ਫਰਜ਼ੀ ਵੀਆਈਪੀ ਪਾਸਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਮੌਕੇ ‘ਤੇ ਹੀ ਮੋਟੇ ਚਲਾਨ ਕੱਟੇ ਗਏ।
ਡੀਐਸਪੀ ਸੰਜੀਵ ਸਿੰਗਲਾ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਪਟਿਆਲਾ ਪੁਲਿਸ ਆਮ ਜਨਤਾ ਦੀ ਜਾਨ-ਮਾਲ ਦੀ ਰਾਖੀ ਲਈ 24 ਘੰਟੇ ਤਾਇਨਾਤ ਹੈ ਅਤੇ ਅਜਿਹੀ ਸਰਪ੍ਰਾਈਜ਼ ਚੈਕਿੰਗ ਹਰ ਰੋਜ਼ ਜਾਰੀ ਰਹੇਗੀ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕਾਨੂੰਨ ਹੱਥ ਵਿੱਚ ਨਾ ਲੈ ਸਕੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



