ਕੈਲਗਰੀ (ਇੰਟ.)- ਕੈਲਗਰੀ ਦੀ ਪ੍ਰਸਿੱਧ ਹਸਤੀ ਪੂਰਨ ਗੁਰਸਿੱਖ ਦਸਤਾਰ ਧਾਰੀ ਸ.ਪਰਮੀਤ ਸਿੰਘ ਬੋਪਾਰਾਏ (Parmeet Singh)ਨੂੰ ਅਲਬਰਟਾ (Alberta) ਐਨ.ਡੀ.ਪੀ.ਪਾਰਟੀ (NDP)ਵਲੋਂ ਮਾਣ ਦਿੰਦਿਆਂ ਪਾਰਟੀ ਦਾ ਉਪ ਪ੍ਰਧਾਨ ਬਣਾਇਆ ਗਿਆ ਹੈ। ਸ.ਬੋਪਾਰਾਏ ਪਿਛਲੇ ਸਮੇਂ ਤੋਂ ਕਮਿਊਨਟੀ ਵਿਚ ਧਾਰਮਿਕ ਸੇਵਾਵਾਂ ਨਿਭਾਉਣ ਤੋਂ ਇਲਾਵਾ ਪੰਜਾਬੀਆਂ ਵਿਚ ਕਾਫੀ ਮਕਬੂਲ ਤੇ ਪਿਆਰੇ ਹਨ। ਉਹ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਮੁੱਖ ਸੇਵਾਦਾਰ ਦੀਆਂ ਸੇਵਾਵਾਂ ਵੀ ਨਿਭਾ ਚੁੱਕੇ ਹਨ। ਅਲਬਰਟਾ ਵਿਚ ਪਹਿਲੀ ਵਾਰ ਦੇਖਣ ਵਿਚ ਆਇਆ ਕਿ ਕਿਸੇ ਪਾਰਟੀ ਨੇ ਦਸਤਾਰ ਧਾਰੀ ਅਤੇ ਪੂਰਨ ਗੁਰਸਿੱਖ ਨੂੰ ਪਾਰਟੀ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਹੋਵੇ। ਸ.ਪਰਮੀਤ ਸਿੰਘ ਬੋਪਾਰਾਏ ਨੇ ਪਾਰਟੀ ਹਾਈਕਮਾਂਡ, ਵਰਕਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਆਪਣੇ ਫੇਸਬੁੱਕ ਅਕਾਉਟ (Facebook) ‘ਤੇ ਸ. ਪਰਮੀਤ ਸਿੰਘ ਬੋਪਾਰਾਏ ਨੇ ਧੰਨਵਾਦ ਜਤਾਇਆ ਹੈ ਅਤੇ ਉਨ੍ਹਾਂ ਨੇ ਲਿਖਿਆ ਹੈ, ‘ਅਲਬਰਟਾ ਦੀ ਐਨਡੀਪੀ ਦਾ ਮੇਰੇ ‘ਤੇ ਭਰੋਸਾ ਕਰਨ ਅਤੇ ਮੈਨੂੰ ਆਪਣੇ ਪਹਿਲੇ ਉਪ ਪ੍ਰਧਾਨ ਵਜੋਂ ਦੁਬਾਰਾ ਚੁਣਨ ਲਈ ਧੰਨਵਾਦ! ਮੈਂ ਇਹ ਯਕੀਨੀ ਬਣਾਉਣ ਲਈ ਅਤੇ ਕੰਮ ਕਰਨ ਲਈ ਉਤਸ਼ਾਹਤ ਹਾਂ ਕਿ ਅਸੀਂ ਆਪਣੇ ਸੂਬੇ ਵਿੱਚ ਵਿਕਾਸ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ। ਇਸ ਦੌਰਾਨ ਉਨ੍ਹਾਂ ਨੇ ਫੇਸਬੁੱਕ ਪੇਜ ‘ਤੇ ਲਿਖਿਆ ਕਿ ਕਿੰਨਾ ਵਧੀਆ ਹਫਤਾ ਹੈ। ਮੈਨੂੰ ਪਾਰਟੀ ਦਾ ਪਹਿਲਾ ਉਪ ਪ੍ਰਧਾਨ ਚੁਣਿਆ ਗਿਆ ਹੈ ਇਸ ‘ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਦੱਸ ਨਹੀਂ ਸਕਦਾ। ਮੇਰੇ ਕੋਲੋਂ ਹੋਰ ਇੰਤਜ਼ਾਰ ਨਹੀਂ ਹੋ ਰਿਹਾ ਜਦੋਂ ਅਸੀਂ 2023 ਵਿਚ ਅਲਬਰਟਾ ‘ਤੇ ਜਿੱਤ ਪ੍ਰਾਪਤ ਕਰਾਂਗੇ।
