ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ। ਚੀਨ ਦਾ ਗੁਆਂਢੀ ਮੁਲਕ ਅਤੇ ਸਦਾਬਾਹਰ ਦੋਸਤ ਪਾਕਿਸਤਾਨ ਵੀ ਇਸ ਮਹਾਮਾਰੀ ਤੋਂ ਨਹੀਂ ਬਚ ਸਕਿਆ ਹੈ ਉੱਥੇ 4 ਹਜ਼ਾਰ ਤੋਂ ਵੱਧ ਲੋਕਾਂ ਕੋਰੋਨਾ ਨਾਲ ਪੀੜਤ ਹੋ ਚੁੱਕੇ ਹਨ। ਕੋਰੋਨਾ ਨਾਲ ਖਰਾਬ ਹੋ ਰਹੇ ਹਾਲਾਤਾਂ ਨੂੰ ਵੇਖਦੇ ਹੋਏ ਹੁਣ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸੋਇਬ ਅਖਤਰ ਨੇ ਭਾਰਤ ਤੋਂ ਮਦਦ ਮੰਗੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਸੋਇਬ ਅਖਤਰ ਨੇ ਕਿਹਾ ਹੈ ਕਿ ਜੇਕਰ ਭਾਰਤ ਪਾਕਿਸਤਾਨ ਨੂੰ ਕੋਰੋਨਾ ਨਾਲ ਨਜਿੱਠਣ ਲਈ 10 ਹਜ਼ਾਰ ਵੈਂਟੀਲੇਂਟਰ ਉਪਲੱਬਧ ਕਰਵਾ ਦੇਵੇਗਾ ਤਾਂ ਪਾਕਿਸਤਾਨ ਭਾਰਤ ਦੀ ਇਸ ਮਦਦ ਨੂੰ ਕਦੇਂ ਵੀ ਨਹੀਂ ਭੁੱਲੇਗਾ। ਇੰਨਾ ਹੀ ਨਹੀਂ ਸੋਇਬ ਅਖਤਰ ਨੇ ਤਾਂ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਿੰਨ ਮੈਚਾਂ ਦੀ ਲੜੀ ਕਰਵਾਉਣ ਦਾ ਪ੍ਰਸਤਾਵ ਦਿੰਦੇ ਹੋਏ ਕਿਹਾ ਕਿ ਦੋਵਾਂ ਦੇਸ਼ਾਂ ਦੇ ਮੈਚ ਵੇਖਣ ਲਈ ਲੋਕ ਵੱਡੀ ਸੰਖਿਆਂ ‘ਚ ਸਟੇਡੀਅਮ ਵਿਚ ਆਉਂਦੇ ਹਨ ਜਿਸ ਕਰਕੇ ਉਨ੍ਹਾਂ ਤੋਂ ਆਉਣ ਵਾਲੇ ਪੈਸੇ ਨੂੰ ਕੋਰੋਨਾ ਪੀੜਤਾਂ ਦੇ ਇਲਾਜ ਲਈ ਖਰਚ ਕੀਤਾ ਜਾ ਸਕਦਾ ਹੈ। ਰਿਪੋਰਟਾਂ ਅਨੁਸਾਰ ਸੋਇਬ ਨੇ ਕਿਹਾ ਹੈ ਕਿ ਉਹ ਸਿਰਫ ਪੇਸ਼ਕਸ਼ ਹੀ ਕਰ ਸਕਦੇ ਹਨ ਬਾਕੀ ਫ਼ੈਸਲੇ ਲੈਣਾ ਸਰਕਾਰਾਂ ਅਤੇ ਪ੍ਰਬੰਧਕਾਂ ਦਾ ਕੰਮ ਹੈ। ਦੱਸ ਦਈਏ ਕਿ ਪਾਕਿਸਤਾਨ ਵਿਚ ਇਸ ਵੇਲੇ ਕੋਰੋਨਾ ਨਾਲ 4,322 ਲੋਕ ਸੰਕਰਮਿਤ ਹੋ ਚੁੱਕੇ ਹਨ ਜਦਕਿ 63 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਦੀ ਇਸ ਸੰਕਟ ਦੀ ਘੜੀ ਵਿਚ ਉਸ ਦਾ ਸੱਭ ਤੋਂ ਨੇੜਲਾ ਤੇ ਗੁਆਂਢੀ ਦੋਸਤ ਚੀਨ ਮਦਦ ਲਈ ਸਾਹਮਣੇ ਆਇਆ ਹੈ। ਚੀਨ ਨੇ ਪਿਛਲੇ ਦਿਨਾਂ ਵਿਚ ਪਾਕਿਸਤਾਨ ਨੂੰ ਕੋਰੋਨਾ ਨਾਲ ਨਜਿੱਠਣ ਲਈ ਮੈਡੀਕਲ ਸਮੱਗਰੀ ਦੀ ਵੱਡੀ ਖੇਪ ਅਤੇ ਆਰਥਿਕ ਤੌਰ ਉੱਤੇ 4 ਮਿਲੀਅਨ ਡਾਲਰ ਦੀ ਰਕਮ ਭੇਜੀ ਹੈ।

