ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਿਰਭਿਆ ਗੈਂਗਰੇਪ ਕੇਸ ਦੇ ਚਾਰੇ ਦੋਸ਼ੀਆਂ ਨੂੰ ਭਲਕੇ ਫਾਂਸੀ ਦੇਣ ਦਾ ਰਸਤਾ ਹੁਣ ਸਾਫ ਹੋ ਚੁੱਕਿਆ ਹੈ। ਦਰਅਸਲ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਫਾਂਸੀ ਤੇ ਰੋਕ ਲਗਾਉਣ ਵਾਲੀ ਪਟੀਸ਼ਨ ਨੂੰ ਖਾਰਜ਼ ਕਰ ਦਿੱਤਾ ਹੈ ਜਿਸ ਤੋਂ ਬਾਅਦ ਨਿਰਭਿਆ ਦੀ ਮਾਂ ਦੀ ਵਕੀਲ ਨੇ ਵੀ ਭਲਕੇ ਸ਼ੁੱਕਰਵਾਰ ਨੂੰ ਦੋਸ਼ੀਆਂ ਨੂੰ ਫਾਂਸੀ ਹੋਣ ਦਾ ਭਰੋਸਾ ਜਤਾਇਆ ਹੈ।
ਦਰਅਸਲ ਦੋਸ਼ੀਆਂ ਦੇ ਵਕੀਲ ਏਪੀ ਸਿੰਘ ਦੁਆਰਾ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਪਟੀਸ਼ਨ ਦਾਖਲ ਕਰਕੇ ਇਹ ਮੰਗ ਕੀਤੀ ਸੀ ਕਿ 20 ਮਾਰਚ ਨੂੰ ਹੋਣ ਵਾਲੀ ਫਾਂਸੀ ਉੱਤੇ ਰੋਕ ਲਗਾਈ ਜਾਵੇ ਕਿਉਂਕਿ ਇਕ ਦੋਸ਼ੀ ਪਵਨ ਦੀ ਦੂਜੀ ਦਇਆ ਪਟੀਸ਼ਨ ਉੱਤੇ ਸੁਣਵਾਈ ਹੋਣੀ ਬਾਕੀ ਹੈ ਇਸ ਦੇ ਨਾਲ ਹੀ ਇਕ ਹੋਰ ਦੋਸ਼ੀ ਅਕਸ਼ੈ ਦੀ ਪਤਨੀ ਨੇ ਵੀ ਅਦਾਲਤ ਵਿਚ ਤਲਾਕ ਦੀ ਅਰਜੀ ਲਗਾਈ ਹੋਈ ਹੈ ਜਿਸ ਉੱਤੇ ਵੀ ਅਜੇ ਸੁਣਵਾਈ ਹੋਣੀ ਹੈ ਪਰ ਕੋਰਟ ਨੇ ਇਸ ਅਪੀਲ ਨੂੰ ਮੰਨਣ ਤੋਂ ਇੰਨਕਾਰ ਕਰ ਦਿੱਤਾ ਅਤੇ ਕਿਹਾ ਕਿ ਚਾਰੇ ਦੋਸ਼ੀਆਂ ਨੇ ਆਪਣੇ ਸਾਰੇ ਕਾਨੂੰਨੀ ਵਿਕਲਪ ਅਪਣਾ ਲਏ ਹਨ। ਇਸ ਲਈ ਫਾਂਸੀ ਤੇ ਰੋਕ ਲਗਾਉਣ ਵਾਲੀ ਪਟੀਸ਼ਨ ਨੂੰ ਖਾਰਜ਼ ਕੀਤਾ ਜਾਂਦਾ ਹੈ।
ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਭਲਕੇ ਸ਼ੁੱਕਰਵਾਰ ਨੂੰ ਚਾਰੇ ਦੋਸ਼ੀਆਂ ਨੂੰ ਫਾਂਸੀ ਦੇ ਫੰਦੇ ਉੱਤੇ ਲਟਕਾਉਣ ਦਾ ਰਸਤਾ ਸਾਫ ਹੋ ਚੁੱਕਿਆ ਹੈ। ਨਿਰਭਿਆ ਦੀ ਮਾਂ ਆਸ਼ਾ ਦੇਵੀ ਦੀ ਵਕੀਲ ਨੇ ਵੀ ਸਾਰੇ ਦੋਸ਼ੀਆਂ ਨੂੰ ਫਾਂਸੀ ਹੋਣ ਦੀ ਉਮੀਦ ਜਤਾਈ ਹੈ ਉੱਥੇ ਹੀ ਨਿਰਭਿਆ ਦੀ ਮਾਂ ਨੇ ਵੀ ਕਿਹਾ ਹੈ ਕਿ ਦੋਸ਼ੀਆਂ ਨੂੰ ਫਾਂਸੀ ਹੋਣ ਤੋਂ ਬਾਅਦ ਹੀ ਉਸ ਦੀ ਬੇਟੀ ਦੀ ਆਤਮਾ ਨੂੰ ਸੱਤ ਸਾਲ ਬਾਅਦ ਸ਼ਾਂਤੀ ਮਿਲੇਗੀ।ਜ਼ਿਕਰਯੋਗ ਹੈ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਦੇ ਚਾਰੇ ਦੋਸ਼ੀਆਂ ਵਿਰੁੱਧ ਚੌਥਾ ਡੈਥ ਵਾਰੰਟ ਜਾਰੀ ਕੀਤਾ ਹੋਇਆ ਹੈ ਜਿਸ ਅਧੀਨ ਇਨ੍ਹਾਂ ਨੂੰ 20 ਮਾਰਚ ਸਵੇਰੇ ਸਾਢੇ ਪੰਜ ਵਜੇ ਤਿਹਾੜ ਜੇਲ੍ਹ ਵਿਚ ਫਾਂਸੀ ਦਿੱਤੀ ਜਾਣੀ ਹੈ।
ਕੀ ਹੈ ਪੂਰਾ ਮਾਮਲਾ
ਸਾਲ 2012 ਵਿਚ 16 ਦਸੰਬਰ ਦੀ ਰਾਤ ਨੂੰ ਜਦੋਂ ਨਿਰਭਿਆ ਆਪਣੇ ਦੋਸਤ ਨਾਲ ਇਕ ਬੱਸ ਵਿਚ ਘਰ ਜਾ ਰਹੀ ਸੀ ਤਾ ਬੱਸ ਵਿਚ ਮੌਜੂਦ ਛੇ ਲੋਕਾਂ ਨੇ ਉਸ ਦੇ ਨਾਲ ਬਲਾਤਕਾਰ ਕੀਤਾ ਸੀ ਅਤੇ ਫਿਰ ਉਸ ਨੂੰ ਤੇ ਉਸ ਦੇ ਦੋਸਤ ਨੂੰ ਬੇਹੋਸ਼ੀ ਦੀ ਹਾਲਤ ਵਿਚ ਬੱਸ ਤੋਂ ਬਾਹਰ ਸੁੱਟ ਦਿੱਤਾ ਸੀ। 29 ਦਸੰਬਰ ਨੂੰ ਨਿਰਭਿਆ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਨਿਰਭਿਆ ਦੇ ਛੇ ਦੋਸ਼ੀ ਪੁਲਿਸ ਨੇ ਗਿਰਫਤਾਰ ਕਰ ਲਏ ਸਨ ਪਰ ਇਨ੍ਹਾਂ ਵਿਚੋਂ ਇਕ ਨਾਬਾਲਗ ਸੀ ਜਿਸ ਨੂੰ ਰਿਹਾਅ ਕਰ ਦਿੱਤਾ ਗਿਆ ਜਦਕਿ ਇਕ ਦੋਸ਼ੀ ਨੇ ਜੇਲ੍ਹ ਵਿਚ ਖੁਦਕੁਸ਼ੀ ਕਰ ਲਈ ਸੀ ਅਤੇ ਬਾਕੀ ਦੇ ਚਾਰ ਦੋਸ਼ੀਆਂ ਨੂੰ ਹੁਣ ਫਾਂਸੀ ਦਿੱਤੀ ਜਾਵੇਗੀ।


