ਨਵੀਂ ਦਿੱਲੀ- ਦਿੱਲੀ ਦੇ ਬਾਟਲਾ ਹਾਊਸ ਵਿਚ ਰਾਸ਼ਟਰੀ ਜਾਂਚ ਏਜੰਸੀ ਨੇ ਤਾਬੜਤੋੜ ਛਾਪੇਮਾਰੀ ਕਰਕੇ ਇਕ ISIS ਦੇ ਸਰਗਰਮ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਅੱਤਵਾਦੀ ਦਾ ਨਾਂ ਮੋਹਸਿਨ ਅਹਿਮਦ ਦੱਸਿਆ ਜਾ ਰਿਹਾ ਹੈ। ਇਹ ਕ੍ਰਿਪਟੋਕਰੰਸੀ ਦੀ ਮਦਦ ਨਾਲ ਅੱਤਵਾਦੀ ਫੰਡਿੰਗ ਕਰਦਾ ਸੀ। ਐੱਨਆਈਏ ਨੇ ਐਤਵਾਰ ਨੂੰ 6 ਥਾਵਾਂ ਉੱਤੇ ਛਾਪੇਮਾਰੀ ਕੀਤੀ, ਜਿਸ ਤੋਂ ਬਾਅਦ ਉਸ ਨੂੰ ਇਹ ਸਫਲਤਾ ਮਿਲੀ।
ਸੁਤੰਤਰਤਾ ਦਿਵਸ ਤੋਂ ਪਹਿਲਾਂ, ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਦਿੱਲੀ ਵਿਚ ਇਕ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਤੇ ਆਈ.ਐੱਸ.ਆਈ.ਐੱਸ. ਮਾਡਿਊਲ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਦੋਸ਼ੀ ਦੀ ਪਛਾਣ ਨਵੀਂ ਦਿੱਲੀ ਦੇ ਬਾਟਲਾ ਹਾਊਸ ਨਿਵਾਸੀ ਮੋਹਸਿਨ ਅਹਿਮਦ ਦੇ ਰੂਪ ਵਿਚ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਮੋਹਸਿਨ ਅਹਿਮਦ ਨੇੜੇ ਦੇ ਲੋਕਾਂ ਉੱਤੇ ਨਜ਼ਰ ਰੱਖਦਾ ਸੀ। ਮੌਕਾ ਮਿਲਣ ਉੱਤੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦਾ ਸੀ। ਅਜੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ ਪਰ ਗ੍ਰਿਫਤਾਰੀ ਤੋਂ ਬਾਅਦ ਜਾਂਚ ਏਜੰਸੀ ਪਤਾ ਲਾਉਣ ਦੀ ਕੋਸ਼ਿਸ਼ ਕਰੇਗੀ ਕਿ ਆਖਿਰ ਮੋਹਸਿਨ ਅਹਿਮਦ ਦਾ ਅੱਗੇ ਦਾ ਕੀ ਪਲਾਨ ਸੀ।
ਐੱਨਆਈਏ ਨੇ 25 ਜੂਨ ਨੂੰ ਆਈਪੀਸੀ ਦੀ ਧਾਰਾ 153ਏ ਤੇ 153ਬੀ ਤੇ ਯੂਏ (ਪੀ) ਦੀ ਧਾਰਾ 18, 18ਬੀ, 38, 39 ਤੇ 40 ਦੇ ਤਹਿਤ ਸਖਤ ਨੋਟਿਸ ਲੈਂਦਿਆਂ ਮਾਮਲਾ ਦਰਜ ਕੀਤਾ ਸੀ। ਗ੍ਰਿਫਤਾਰ ਦੋਸ਼ੀ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਆਈਐੱਸਆਈਐੱਸ ਦਾ ਕੱਟੜ ਤੇ ਸਰਗਰਮ ਮੈਂਬਰ ਹੈ।



