ਅਜਨਾਲਾ ਦੇ 10 ਪਿੰਡਾਂ ਵਿੱਚ ਨਵੇਂ ਆਮ ਆਦਮੀ ਕਲੀਨਿਕ ਸ਼ੁਰੂ

ਅੰਮ੍ਰਿਤਸਰ, 14 ਅਕਤੂਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਅਤੇ ਸੁਖਾਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਅੱਜ…

ਅੰਮ੍ਰਿਤਸਰ, 14 ਅਕਤੂਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਅਤੇ ਸੁਖਾਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਅੱਜ ਸੂਬੇ ਵਿੱਚ 154 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ। ਇਸ ਨਾਲ ਸੂਬੇ ਵਿੱਚ ਕਲੀਨਿਕਾਂ ਦੀ ਕੁੱਲ ਗਿਣਤੀ 1,245 ਹੋ ਗਈ ਹੈ। ਹੁਣ ਤੱਕ ਇਨ੍ਹਾਂ ਕਲੀਨਿਕਾਂ ਰਾਹੀਂ ਮਰੀਜ਼ 6.5 ਕਰੋੜ ਤੋਂ ਵੱਧ ਵਾਰ ਮੁਫ਼ਤ ਦਵਾਈਆਂ ਅਤੇ ਮੈਡੀਕਲ ਟੈਸਟਾਂ ਦੀ ਸਹੂਲਤ ਦਾ ਲਾਭ ਲੈ ਚੁੱਕੇ ਹਨ।

ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ 10 ਪਿੰਡਾਂ ਵਿੱਚ ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ। ਇਹ ਕਲੀਨਿਕ ਪਿੰਡ ਜਗਦੇਵ ਖੁਰਦ, ਘੋਨੇਵਾਲ, ਸੈਂਹਸਰਾ, ਚੱਕ ਡੋਗਰਾਂ, ਸਾਰੰਗ ਦੇਵ, ਵਿਛੋਆ, ਮਾਕੋਵਾਲ, ਮਹਿਲਾਂ ਵਾਲਾ, ਥੋਬਾ ਅਤੇ ਗੁਰੂ ਕਾ ਬਾਗ ਵਿਖੇ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਦੇ ਸ਼ੁਰੂ ਹੋਣ ਨਾਲ ਵਸਨੀਕਾਂ ਨੂੰ ਘਰਾਂ ਦੇ ਨੇੜੇ ਮੁੱਢਲੀਆਂ ਸਿਹਤ ਸੇਵਾਵਾਂ ਮਿਲਣਗੀਆਂ।

ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਨੂੰ ਵਿਸ਼ੇਸ਼ ਤਰਜੀਹ ਦੇ ਰਹੀ ਹੈ। ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਮੁਫ਼ਤ ਡਾਕਟਰੀ ਸਲਾਹ, ਦਵਾਈਆਂ ਅਤੇ ਲੋੜੀਂਦੇ ਮੈਡੀਕਲ ਟੈਸਟ ਉਪਲਬਧ ਕਰਵਾਏ ਜਾ ਰਹੇ ਹਨ। ਯੋਗ ਡਾਕਟਰਾਂ ਦੀਆਂ ਸੇਵਾਵਾਂ ਕਾਰਨ ਲੋਕਾਂ ਨੂੰ ਸਮੇਂ ਸਿਰ ਇਲਾਜ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਦਾ ਮਕਸਦ ਸਿਰਫ਼ ਇਲਾਜ ਮੁਹੱਈਆ ਕਰਵਾਉਣਾ ਹੀ ਨਹੀਂ, ਸਗੋਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਅਤੇ ਰੋਕਥਾਮ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਵੀ ਹੈ। ਇਸ ਨਾਲ ਲੋਕਾਂ ਨੂੰ ਸਿਹਤ ਸਬੰਧੀ ਛੋਟੀਆਂ-ਵੱਡੀਆਂ ਸਮੱਸਿਆਵਾਂ ਲਈ ਤੁਰੰਤ ਸਲਾਹ ਮਿਲੇਗੀ ਅਤੇ ਗੰਭੀਰ ਬਿਮਾਰੀਆਂ ਤੋਂ ਬਚਾਅ ਲਈ ਲੋੜੀਂਦੇ ਕਦਮ ਸਮੇਂ ਸਿਰ ਚੁੱਕੇ ਜਾ ਸਕਣਗੇ।

ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਕਲੀਨਿਕਾਂ ਦੀ ਸਥਾਪਨਾ ਨਾਲ ਮੁੱਢਲੀਆਂ ਸਿਹਤ ਸਹੂਲਤਾਂ ਲਈ ਦੂਰ-ਦੁਰਾਡੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਘਟੇਗੀ ਅਤੇ ਲੋਕਾਂ ਦੇ ਸਮੇਂ ਅਤੇ ਖਰਚੇ ਦੀ ਬੱਚਤ ਹੋਵੇਗੀ। ਹਲਕਾ ਅਜਨਾਲਾ ਦੇ 10 ਪਿੰਡਾਂ ਵਿੱਚ ਇਹ ਸ਼ੁਰੂਆਤ ਸਿਹਤ ਸੇਵਾਵਾਂ ਦਾ ਘੇਰਾ ਵਧਾਉਣ ਵੱਲ ਇੱਕ ਅਹਿਮ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਕਿਸੇ ਵੀ ਵਿਅਕਤੀ ਨੂੰ ਇਲਾਜ ਲਈ ਆਰਥਿਕ ਤੰਗੀ ਜਾਂ ਦੂਰੀ ਕਾਰਨ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਹਰ ਪਰਿਵਾਰ ਨੂੰ ਮਿਆਰੀ ਸਿਹਤ ਸਹੂਲਤਾਂ ਆਸਾਨੀ ਨਾਲ ਉਪਲਬਧ ਹੋਣ।

ਵਿਧਾਇਕ ਨੇ ਕਿਹਾ ਕਿ ਸਰਕਾਰ ਪੇਂਡੂ ਖੇਤਰਾਂ ਦੇ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਸਮਾਜ ਦੇ ਹਰ ਵਰਗ ਤੱਕ ਬਿਹਤਰ ਡਾਕਟਰੀ ਸਹੂਲਤਾਂ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।

Leave a Reply

Your email address will not be published. Required fields are marked *