ਗੁਰਦਾਸਪੁਰ: ਬੀਤੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬੇਮੌਸਮੀ ਬਾਰਿਸ਼ ਨੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਕਿਸਾਨਾਂ ਦੇ ਸੁਪਨਿਆਂ ‘ਤੇ ਪਾਣੀ ਫੇਰ ਦਿੱਤਾ ਹੈ। ਪੱਕ ਕੇ ਤਿਆਰ ਖੜ੍ਹੀ ਫ਼ਸਲ ਖੇਤਾਂ ਵਿੱਚ ਵਿਛ ਜਾਣ ਕਾਰਨ ਕਿਸਾਨਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ। ਕਿਸਾਨਾਂ ਅਨੁਸਾਰ, ਇਸ ਵਾਰ ਕਰੀਬ 40 ਫੀਸਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ।
ਖੇਤਾਂ ਵਿੱਚ ਵਿਛੀ ਫ਼ਸਲ: ਨਾ ਦਾਣਾ ਬਚਿਆ, ਨਾ ਤੂੜੀ
ਕਿਸਾਨਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਈ ਬਾਰਿਸ਼ ਤੋਂ ਤਾਂ ਫ਼ਸਲ ਦਾ ਬਚਾਅ ਹੋ ਗਿਆ ਸੀ, ਪਰ ਤਾਜ਼ਾ ਮੀਂਹ ਅਤੇ ਤੇਜ਼ ਹਵਾਵਾਂ ਨੇ ਫ਼ਸਲ ਨੂੰ ਜ਼ਮੀਨ ‘ਤੇ ਵਿਛਾ ਦਿੱਤਾ ਹੈ। ਇਸ ਕਾਰਨ ਫ਼ਸਲ ਦਾ ਦਾਣਾ ਕਾਲਾ ਪੈ ਗਿਆ ਹੈ ਅਤੇ ਝੜਨਾ ਸ਼ੁਰੂ ਹੋ ਗਿਆ ਹੈ। ਸਿਰਫ਼ ਫ਼ਸਲ ਹੀ ਨਹੀਂ, ਬਲਕਿ ਪਸ਼ੂਆਂ ਲਈ ਬਣਨ ਵਾਲੀ ਤੂੜੀ ਵੀ ਖੇਤਾਂ ਵਿੱਚ ਗਲ ਜਾਣ ਕਾਰਨ ਕਿਸਾਨ ਹੁਣ ਪਸ਼ੂਆਂ ਦੇ ਚਾਰੇ ਨੂੰ ਲੈ ਕੇ ਵੀ ਚਿੰਤਤ ਹਨ।
ਕਰਜ਼ੇ ਦੇ ਬੋਝ ਹੇਠ ਦੱਬਿਆ ਅੰਨਦਾਤਾ
ਖ਼ਾਸ ਕਰਕੇ ਛੋਟੇ ਕਿਸਾਨ ਅਤੇ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਜ਼ਿਮੀਂਦਾਰ ਇਸ ਮਾਰ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫ਼ਸਲ ਬੀਜਣ ਲਈ ਮਹਿੰਗੇ ਵਿਆਜ ‘ਤੇ ਕਰਜ਼ਾ ਚੁੱਕਿਆ ਸੀ। ਪਿਛਲੇ ਝੋਨੇ ਦੇ ਸੀਜ਼ਨ ਦੌਰਾਨ ਹੋਏ ਨੁਕਸਾਨ ਤੋਂ ਅਜੇ ਉਹ ਉੱਭਰੇ ਨਹੀਂ ਸਨ ਕਿ ਹੁਣ ਇਸ ਕੁਦਰਤੀ ਆਫ਼ਤ ਨੇ ਉਨ੍ਹਾਂ ਦੀ ਆਰਥਿਕ ਹਾਲਤ ਹੋਰ ਵਿਗਾੜ ਦਿੱਤੀ ਹੈ।
“ਸਰਕਾਰ ਬਾਂਹ ਫੜੇ, ਨਹੀਂ ਤਾਂ ਖੁਦਕੁਸ਼ੀ ਹੀ ਰਸਤਾ”
ਮਾਯੂਸ ਹੋਏ ਕਿਸਾਨਾਂ ਨੇ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਅਤੇ ਸਰਕਾਰ ਨੇ ਤੁਰੰਤ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਨਾ ਦਿੱਤਾ, ਤਾਂ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਖੁਦਕੁਸ਼ੀ ਵਰਗਾ ਖ਼ੌਫ਼ਨਾਕ ਕਦਮ ਚੁੱਕਣ ਲਈ ਮਜਬੂਰ ਹੋਣਗੇ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਇਸ ਔਖੀ ਘੜੀ ਵਿੱਚ ਅੰਨਦਾਤੇ ਦੀ ਬਾਂਹ ਫੜੇ ਅਤੇ ਉਨ੍ਹਾਂ ਨੂੰ ਇਸ ਸੰਕਟ ਵਿੱਚੋਂ ਬਾਹਰ ਕੱਢੇ।



