ਬਠਿੰਡਾ : ਰਾਸ਼ਟਰੀ ਮਹਿਲਾ ਕਮਿਸ਼ਨ (NCW) ਦੀ ਚੇਅਰਪਰਸਨ ਮੈਡਮ ਵਿਜਯਾ ਕਿਸ਼ੋਰ ਰਹਾਟਕਰ ਅੱਜ ਆਪਣੇ ਵਿਸ਼ੇਸ਼ ਦੌਰੇ ਤਹਿਤ ਬਠਿੰਡਾ ਪਹੁੰਚੇ। ਆਪਣੇ ਇਸ ਦੌਰੇ ਦੌਰਾਨ ਉਨ੍ਹਾਂ ਨੇ ਸਭ ਤੋਂ ਪਹਿਲਾਂ ਬਠਿੰਡਾ ਦੀ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਅਤੇ ਉੱਥੇ ਬੰਦ ਮਹਿਲਾ ਕੈਦੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਨੇੜਿਓਂ ਸੁਣਿਆ। ਜੇਲ੍ਹ ਦੇ ਦੌਰੇ ਤੋਂ ਬਾਅਦ ਉਨ੍ਹਾਂ ਨੇ ਬਠਿੰਡਾ ਦੇ ਪੁਲਿਸ ਮੀਟਿੰਗ ਹਾਲ ਵਿੱਚ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਅਤੇ ਮੀਡੀਆ ਨਾਲ ਆਪਣੇ ਇਸ ਦੌਰੇ ਦੇ ਮੁੱਖ ਉਦੇਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਨਸ਼ਾ ਪੰਜਾਬ ਲਈ ਵੱਡੀ ਚਿੰਤਾ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਪਰਸਨ ਵਿਜਯਾ ਕਿਸ਼ੋਰ ਰਹਾਟਕਰ ਨੇ ਦੱਸਿਆ ਕਿ ਜੇਲ੍ਹ ਵਿੱਚ ਮਹਿਲਾਵਾਂ ਨਾਲ ਗੱਲਬਾਤ ਦੌਰਾਨ ਇੱਕ ਬਹੁਤ ਹੀ ਚਿੰਤਾਜਨਕ ਪਹਿਲੂ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮਹਿਲਾਵਾਂ ਦੀਆਂ ਸ਼ਿਕਾਇਤਾਂ ਨਸ਼ੇ ਦੀ ਸਮੱਸਿਆ ਨਾਲ ਜੁੜੀਆਂ ਹੋਈਆਂ ਸਨ। ਚੇਅਰਪਰਸਨ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਨਸ਼ਾ ਅੱਜ ਇੱਕ ਵੱਡਾ ਕੋਹੜ ਬਣ ਚੁੱਕਾ ਹੈ, ਜੋ ਹੱਸਦੇ-ਵੱਸਦੇ ਪਰਿਵਾਰਾਂ ਨੂੰ ਤਬਾਹ ਕਰ ਰਿਹਾ ਹੈ। ਜੇਕਰ ਪਰਿਵਾਰ ਦਾ ਕੋਈ ਵੀ ਮੈਂਬਰ ਨਸ਼ੇ ਦੀ ਦਲਦਲ ਵਿੱਚ ਫਸਦਾ ਹੈ, ਤਾਂ ਉਸ ਦਾ ਖ਼ਾਮਿਆਜ਼ਾ ਪੂਰੇ ਪਰਿਵਾਰ, ਖ਼ਾਸ ਕਰਕੇ ਔਰਤਾਂ ਨੂੰ ਭੁਗਤਣਾ ਪੈਂਦਾ ਹੈ।
ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
ਆਪਣੀ ਫੇਰੀ ਦੌਰਾਨ ਚੇਅਰਪਰਸਨ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ (DC), ਬਠਿੰਡਾ ਦੇ ਐੱਸ.ਐੱਸ.ਪੀ. (SSP) ਅਤੇ ਮਾਨਸਾ ਦੇ ਐੱਸ.ਐੱਸ.ਪੀ. ਨਾਲ ਇੱਕ ਉੱਚ ਪੱਧਰੀ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਮਹਿਲਾਵਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਗਰਾਊਂਡ ਜ਼ੀਰੋ (ਜ਼ਮੀਨੀ ਪੱਧਰ) ‘ਤੇ ਹਰ ਲੋੜਵੰਦ ਮਹਿਲਾ ਤੱਕ ਜ਼ਰੂਰ ਪਹੁੰਚੇ।
“ਪੰਜਾਬ ਦੀ ਹਰ ਔਰਤ ਦਿੱਲੀ ਨਹੀਂ ਜਾ ਸਕਦੀ
ਮੀਡੀਆ ਸਾਹਮਣੇ ਆਪਣੇ ਵਿਚਾਰ ਰੱਖਦਿਆਂ ਮੈਡਮ ਰਹਾਟਕਰ ਨੇ ਕਿਹਾ ਕਿ “ਪੰਜਾਬ ਦੀ ਹਰ ਔਰਤ ਆਪਣੀ ਫ਼ਰਿਆਦ ਜਾਂ ਮੁਸ਼ਕਿਲ ਲੈ ਕੇ ਦਿੱਲੀ ਸਥਿਤ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਦਫ਼ਤਰ ਨਹੀਂ ਪਹੁੰਚ ਸਕਦੀ। ਇਸੇ ਲਈ ਕਮਿਸ਼ਨ ਨੇ ਖ਼ੁਦ ਪਹਿਲਕਦਮੀ ਕਰਦਿਆਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਨਾ ਸ਼ੁਰੂ ਕੀਤਾ ਹੈ ਤਾਂ ਜੋ ਔਰਤਾਂ ਦੇ ਦੁਆਰ ‘ਤੇ ਜਾ ਕੇ ਉਨ੍ਹਾਂ ਦੇ ਮਸਲਿਆਂ ਦਾ ਹੱਲ ਕੀਤਾ ਜਾ ਸਕੇ।”
ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਉਹ ਮੋਗਾ ਦੇ ਦੌਰੇ ‘ਤੇ ਸਨ ਅਤੇ ਅੱਜ ਬਠਿੰਡਾ ਪਹੁੰਚੇ ਹਨ। ਇੱਥੇ ਉਨ੍ਹਾਂ ਕੋਲ ਲਗਭਗ 20 ਦੇ ਕਰੀਬ ਮਹਿਲਾਵਾਂ ਆਪਣੀਆਂ ਸ਼ਿਕਾਇਤਾਂ ਲੈ ਕੇ ਪਹੁੰਚੀਆਂ, ਜਿਨ੍ਹਾਂ ਦੀ ਸੁਣਵਾਈ ਕਰਦਿਆਂ ਤੁਰੰਤ ਬਣਦੀ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



