ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲਿਆ ਹੈ। ਚੀਨ ਦੇ ਗੁਆਂਢੀ ਅਤੇ ਸਦਾਬਾਹਰ ਦੋਸਤ ਪਾਕਿਸਤਾਨ ਵੀ ਕੋਰੋਨਾ ਦੇ ਕਹਿਰ ਤੋਂ ਬੱਚ ਨਹੀਂ ਸਕਿਆ ਹੈ। ਪਾਕਿਸਤਾਨ ਵਿਚ ਵੀ ਕੋਰੋਨਾ ਦੇ ਕੇਸਾਂ ਦੀ ਗਿਣਤੀ 5 ਹਜ਼ਾਰ ਨੂੰ ਪਾਰ ਕਰ ਗਈ ਹੈ ਜਦਕਿ 80 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।
ਮੀਡੀਆਂ ਰਿਪੋਰਟਾਂ ਅਨੁਸਾਰ ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਦੌਰਾਨ 254 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ 5 ਹਜ਼ਾਰ ਨੂੰ ਪਾਰ ਕਰਕੇ 5,038 ਹੋ ਗਈ ਹੈ ਉੱਥੇ ਹੀ ਪਿਛਲੇ ਇਕ ਦਿਨ ਵਿਚ 14 ਹੋਰ ਲੋਕਾਂ ਦੀ ਮੌਤ ਹੋ ਗਈ ਹੈ ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ ਵੱਧ ਕੇ 86 ਤੱਕ ਪਹੁੰਚ ਗਈ ਹੈ। ਪਾਕਿਸਤਾਨ ਵਿਚ ਸੱਭ ਤੋਂ ਜਿਆਦਾ ਪੰਜਾਬ ਸੂਬਾ ਕੋਰੋਨਾ ਨਾਲ ਪ੍ਰਭਾਵਿਤ ਹੋਇਆ ਹੈ। ਇੱਥੇ ਹੁਣ ਤੱਕ 2,425 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਸਿੰਧ ਵਿਚ 1318, ਖੈਬਰ ਪਖਤੂਨਵਾ ਵਿਚ 697, ਬਲੂਚਿਸਤਾਨ ਵਿਚ 228, ਗਿਲਗਿਤ ਬਾਲਿਟਸਤਾਨ ਵਿਚ 216, ਰਾਸ਼ਟਰੀ ਰਾਜਧਾਨੀ ਇਸਲਾਮਾਬਾਦ ਵਿਚ 119 ਅਤੇ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਵਿਚੋਂ 35 ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ ਹਨ। ਦੱਸ ਦਈਏ ਕਿ ਪਾਕਿਸਤਾਨ ਦੀ ਇਸ ਮੁਸ਼ਕਿਲ ਘੜੀ ਵਿਚ ਚੀਨ ਉਸ ਦੀ ਮਦਦ ਲਈ ਅੱਗੇ ਆਇਆ ਹੈ। ਚੀਨ ਨੇ ਪਿਛਲੇ ਦਿਨਾਂ ਵਿਚ ਪਾਕਿਸਤਾਨ ਨੂੰ ਕੋਰੋਨਾ ਨਾਲ ਨਜਿੱਠਣ ਲਈ 2 ਟਨ ਮੈਡੀਕਲ ਉਪਕਰਨ ਭੇਜੇ ਹਨ ਜਿਸ ਵਿਚ ਐਨ 95 ਮਾਸਕ, ਵੈਂਟੀਲੇਟਰ, ਟੈਸਟ ਕਿੱਟ, ਪੀਪੀਈ ਕਿੱਟਾਂ ਆਦਿ ਸ਼ਾਮਲ ਹਨ।

