ਮੋਹਾਲੀ : ਚੰਡੀਗੜ੍ਹ ਤੋਂ ਇੱਕ ਵੱਡੀ ਅਤੇ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ, ਜਿੱਥੇ ਦੋ ਨੌਜਵਾਨਾਂ ਨੇ ਐਕਟਿਵਾ ’ਤੇ ਆ ਕੇ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਉਂਦਿਆਂ ਉਸ ’ਤੇ ਬੰਬ ਵਰਗੇ ਪਦਾਰਥ ਨਾਲ ਹਮਲਾ ਕਰ ਦਿੱਤਾ। ਇਸ ਅਚਾਨਕ ਹੋਏ ਹਮਲੇ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਸਰਵਿਸ ਖਿੜਕੀ ਰਾਹੀਂ ਸੁੱਟਿਆ ਧਮਾਕਾਖੇਜ਼ ਪਦਾਰਥ
ਘਟਨਾ 14 ਸਤੰਬਰ ਦੀ ਸ਼ਾਮ ਕਰੀਬ 6:47 ਤੋਂ 6:50 ਵਜੇ ਦੇ ਦਰਮਿਆਨ ਵਾਪਰੀ। ਪ੍ਰਾਪਤ ਜਾਣਕਾਰੀ ਅਨੁਸਾਰ, ਦੋ ਨੌਜਵਾਨ ਐਕਟਿਵਾ ’ਤੇ ਸਵਾਰ ਹੋ ਕੇ ਸ਼ਰਾਬ ਦੇ ਠੇਕੇ ਦੇ ਬਾਹਰ ਪਹੁੰਚੇ। ਇਸ ਦੌਰਾਨ ਐਕਟਿਵਾ ਦੇ ਪਿੱਛੇ ਬੈਠੇ ਨੌਜਵਾਨ ਨੇ ਠੇਕੇ ਦੀ ਸਰਵਿਸ ਖਿੜਕੀ ਰਾਹੀਂ ਅੰਦਰ ਕੋਈ ਵਿਸਫੋਟਕ ਵਸਤੂ ਸੁੱਟਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉਹ ਵਸਤੂ ਅੰਦਰ ਜਾਣ ਦੀ ਬਜਾਏ ਬਾਹਰ ਖੜ੍ਹੇ ਗਾਹਕਾਂ ਦੇ ਪੈਰਾਂ ਕੋਲ ਜਾ ਡਿੱਗੀ ਅਤੇ ਕੁਝ ਹੀ ਸਕਿੰਟਾਂ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ।
ਠੇਕੇ ਬਾਹਰ ਮਚੀ ਹਫੜਾ-ਦਫੜੀ
ਧਮਾਕਾ ਇੰਨਾ ਜ਼ੋਰਦਾਰ ਸੀ ਕਿ ਠੇਕੇ ਦੇ ਬਾਹਰ ਅਤੇ ਆਸ-ਪਾਸ ਭਾਰੀ ਹਫੜਾ-ਦਫੜੀ ਮੱਚ ਗਈ। ਜਾਨ ਬਚਾਉਣ ਲਈ ਲੋਕਾਂ ਵਿੱਚ ਭਗਦੜ ਪੈ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਐਕਟਿਵਾ ’ਤੇ ਸਵਾਰ ਹੋ ਕੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ।
ਮੈਨੇਜਰ ਵੱਲੋਂ ਪੁਲਿਸ ਨੂੰ ਸੂਚਨਾ
ਧਮਾਕੇ ਦੀ ਇਸ ਘਟਨਾ ਦੇ ਤੁਰੰਤ ਬਾਅਦ ਠੇਕੇ ਦੇ ਮੈਨੇਜਰ ਨੇ ਬਿਨਾਂ ਦੇਰੀ ਕੀਤੇ ਪੁਲਿਸ ਕੰਟਰੋਲ ਰੂਮ ਦੇ ਨੰਬਰ 112 ਉੱਤੇ ਫੋਨ ਕਰਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਸਲਾਖਾਂ ਪਿੱਛੇ ਪਹੁੰਚਾਇਆ ਜਾ ਸਕੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



