ਚੰਡੀਗੜ੍ਹ : ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਏਅਰ ਕੈਨੇਡਾ ਦੀ ਫਲਾਈਟ ਵਿੱਚ ਆਪਣੇ ਨਾਲ ਹੋਏ ਮਾੜੇ ਤਜ਼ਰਬੇ ਨੂੰ ਲੈ ਕੇ ਡੂੰਘੀ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਪਾ ਕੇ ਦੋਸ਼ ਲਾਇਆ ਕਿ ਉਨ੍ਹਾਂ ਨੇ ਬਿਜ਼ਨਸ ਕਲਾਸ ਦੀ ਸੀਟ ਲਈ ਪੂਰੀ ਪੇਮੈਂਟ ਕੀਤੀ ਸੀ, ਪਰ ਏਅਰਲਾਈਨ ਸਟਾਫ ਨੇ ਉਨ੍ਹਾਂ ਨੂੰ ਜ਼ਬਰਦਸਤੀ ਇਕਾਨਮੀ ਕਲਾਸ ਵਿੱਚ ਬਿਠਾ ਦਿੱਤਾ।
“ਸਹਾਇਤਾ ਦੀ ਬਜਾਏ ਫਲਾਈਟ ਤੋਂ ਉਤਾਰਨ ਦੀ ਦਿੱਤੀ ਧਮਕੀ”
ਗਿੱਪੀ ਗਰੇਵਾਲ ਮੁਤਾਬਕ ਜਦੋਂ ਉਨ੍ਹਾਂ ਨੇ ਏਅਰਲਾਈਨ ਸਟਾਫ਼ ਨੂੰ ਇਸ ਗਲਤੀ ਬਾਰੇ ਸਵਾਲ ਕੀਤਾ, ਤਾਂ ਉਨ੍ਹਾਂ ਵੱਲੋਂ ਕੋਈ ਵੀ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਗਿਆ। ਉਲਟਾ ਸਟਾਫ਼ ਨੇ ਉਨ੍ਹਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਹੁਣ ਕੁਝ ਨਹੀਂ ਹੋ ਸਕਦਾ, ਚਾਹੇ ਤਾਂ ਤੁਸੀਂ ਫਲਾਈਟ ਫੜੋ ਜਾਂ ਫਿਰ ਛੱਡ ਦਿਓ। ਗਾਇਕ ਦਾ ਦਾਅਵਾ ਹੈ ਕਿ ਜਦੋਂ ਉਨ੍ਹਾਂ ਨੇ ਆਪਣੀ ਬੁੱਕ ਕੀਤੀ ਸੀਟ ਬਾਰੇ ਪੁੱਛਣਾ ਜਾਰੀ ਰੱਖਿਆ, ਤਾਂ ਮਦਦ ਕਰਨ ਦੀ ਬਜਾਏ ਉਨ੍ਹਾਂ ਨੂੰ ਜਹਾਜ਼ ਤੋਂ ਹੇਠਾਂ ਉਤਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।
“ਕੋਈ ਵਾਧੂ ਸਹੂਲਤ ਨਹੀਂ, ਸਿਰਫ਼ ਬੁੱਕ ਕੀਤੀ ਸੀਟ ਦੀ ਸੀ ਮੰਗ”
ਆਪਣੀ ਪੋਸਟ ਵਿੱਚ ਗਿੱਪੀ ਨੇ ਸਪੱਸ਼ਟ ਕੀਤਾ ਕਿ ਉਹ ਏਅਰਲਾਈਨ ਤੋਂ ਕੋਈ ਵੀ ਵਾਧੂ ਜਾਂ ਖ਼ਾਸ ਸਹੂਲਤ ਨਹੀਂ ਮੰਗ ਰਹੇ ਸਨ। ਉਨ੍ਹਾਂ ਦੀ ਮੰਗ ਸਿਰਫ਼ ਇੰਨੀ ਸੀ ਕਿ ਜਿਸ ਬਿਜ਼ਨਸ ਕਲਾਸ ਦੀ ਸੀਟ ਲਈ ਉਨ੍ਹਾਂ ਨੇ ਆਪਣੇ ਪੈਸੇ ਦਿੱਤੇ ਹਨ, ਉਨ੍ਹਾਂ ਨੂੰ ਉਹੀ ਸੀਟ ਦਿੱਤੀ ਜਾਵੇ ਅਤੇ ਨਾਲ ਹੀ ਇਹ ਸਪੱਸ਼ਟ ਕੀਤਾ ਜਾਵੇ ਕਿ ਅਜਿਹਾ ਕਿਉਂ ਹੋਇਆ। ਉਨ੍ਹਾਂ ਅਫ਼ਸੋਸ ਜਤਾਇਆ ਕਿ ਇਸ ਪੂਰੇ ਘਟਨਾਕ੍ਰਮ ਦੌਰਾਨ ਸਟਾਫ਼ ਵੱਲੋਂ ਮਾਮੂਲੀ ਜਿਹੀ ਮਾਫ਼ੀ ਤੱਕ ਨਹੀਂ ਮੰਗੀ ਗਈ, ਜੋ ਕਿ ਬੇਹੱਦ ਨਿਰਾਸ਼ਾਜਨਕ ਸੀ।
ਏਅਰ ਕੈਨੇਡਾ ਵੱਲੋਂ ਮੁਆਫ਼ੀ ਅਤੇ ਜਾਂਚ ਦਾ ਭਰੋਸਾ
ਗਿੱਪੀ ਗਰੇਵਾਲ ਦੀ ਇਹ ਸੋਸ਼ਲ ਮੀਡੀਆ ਪੋਸਟ ਵਾਇਰਲ ਹੋਣ ਤੋਂ ਬਾਅਦ ਏਅਰ ਕੈਨੇਡਾ ਨੇ ‘ਐਕਸ’ ‘ਤੇ ਜਵਾਬ ਦਿੱਤਾ ਹੈ। ਏਅਰਲਾਈਨ ਨੇ ਇਸ ਘਟਨਾ ‘ਤੇ ਡੂੰਘਾ ਅਫ਼ਸੋਸ ਪ੍ਰਗਟ ਕਰਦਿਆਂ ਮੁਆਫ਼ੀ ਮੰਗੀ ਹੈ। ਨਾਲ ਹੀ, ਗਿੱਪੀ ਨੂੰ ਆਪਣੇ ਬੁਕਿੰਗ ਰੈਫਰੈਂਸ ਅਤੇ ਟਿਕਟ ‘ਤੇ ਦਰਜ ਪੂਰੇ ਨਾਮ ਦੀ ਜਾਣਕਾਰੀ ਪ੍ਰਾਈਵੇਟ ਮੈਸੇਜ (DM) ਰਾਹੀਂ ਭੇਜਣ ਲਈ ਕਿਹਾ ਗਿਆ ਹੈ ਤਾਂ ਜੋ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਸਕੇ। ਹਾਲਾਂਕਿ, ਏਅਰਲਾਈਨ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਕਿ ਆਖਿਰ ਗਿੱਪੀ ਨੂੰ ਬਿਜ਼ਨਸ ਕਲਾਸ ਤੋਂ ਇਕਾਨਮੀ ਵਿੱਚ ਕਿਉਂ ਤਬਦੀਲ ਕੀਤਾ ਗਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



