Miss Universe 2021: ਮਿਸ ਯੂਨੀਵਰਸ-2021 ਹਰਨਾਜ਼ ਕੌਰ ਸੰਧੂ ਦੇ ਪਿਤਾ ਪ੍ਰੀਤਮ ਸਿੰਘ ਸੰਧੂ (57) ਦਾ ਸ਼ੁੱਕਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਪ੍ਰੀਤਮ ਸਿੰਘ ਸੰਧੂ ਖਰੜ-ਲਾਂਡਰਾਂ ਰੋਡ ‘ਤੇ ਸ਼ਿਵਾਲਿਕ ਸਿਟੀ ਸਥਿਤ ਮੋਨਾ ਪੈਰਾਡਾਈਜ਼ ਸੁਸਾਇਟੀ ਦੇ ਇੱਕ ਫਲੈਟ ਵਿੱਚ ਰਹਿੰਦਾ ਸੀ। ਵੀਰਵਾਰ ਰਾਤ ਨੂੰ ਸੌਣ ਤੋਂ ਬਾਅਦ ਉਹ ਸਵੇਰੇ ਨਹੀਂ ਉਠਿਆ। ਸਵੇਰੇ ਜਦੋਂ ਉਸਦੀ ਪਤਨੀ ਨੇ ਉਸਨੂੰ ਬੈੱਡ ‘ਤੇ ਬੇਹੋਸ਼ ਪਾਇਆ ਤਾਂ ਉਸਨੇ ਗੁਆਂਢੀਆਂ ਨੂੰ ਬੁਲਾਇਆ। ਇਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਪ੍ਰੀਤਮ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
ਡਾਕਟਰ ਨੇ ਸੰਧੂ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਕਿ ਪ੍ਰੀਤਮ ਸਿੰਘ ਦੀ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਉਸ ਦੀ ਪਤਨੀ ਸਰਕਾਰੀ ਡਾਕਟਰ ਹੈ। ਧੀ ਹਰਨਾਜ਼ ਕੌਰ ਸੰਧੂ ਅਤੇ ਪੁੱਤਰ ਹਰਨੂਰ ਸੰਧੂ ਮੁੰਬਈ ਵਿੱਚ ਸਨ।
ਪਿਤਾ ਦੀ ਮੌਤ ਦੀ ਖਬਰ ਸੁਣ ਕੇ ਪੁੱਤਰ ਸ਼ੁੱਕਰਵਾਰ ਦੁਪਹਿਰ ਹੀ ਘਰ ਪਰਤਿਆ। ਪ੍ਰੀਤਮ ਸਿੰਘ ਸੰਧੂ ਦਾ ਸ਼ਾਮ ਕਰੀਬ 4 ਵਜੇ ਬਲੌਂਗੀ ਸ਼ਮਸ਼ਾਨਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ। ਪ੍ਰੀਤਮ ਸਿੰਘ ਸੰਧੂ ਜ਼ਿਲ੍ਹਾ ਗੁਰਦਾਸਪੁਰ ਦੀ ਬਟਾਲਾ ਉਪ ਮੰਡਲ ਦਾ ਵਸਨੀਕ ਸੀ ਪਰ ਉਹ ਕਈ ਸਾਲ ਪਹਿਲਾਂ ਖਰੜ ਵਿਖੇ ਤਬਦੀਲ ਹੋ ਗਿਆ ਸੀ। 2021 ਵਿੱਚ ਬੇਟੀ ਹਰਨਾਜ਼ ਕੌਰ ਸੰਧੂ ਮਿਸ ਯੂਨੀਵਰਸ ਚੁਣੀ ਗਈ ਤਾਂ ਉਹ ਬਹੁਤ ਖੁਸ਼ ਸੀ। ਮਿਸ ਯੂਨੀਵਰਸ ਚੁਣੇ ਜਾਣ ਤੋਂ ਬਾਅਦ ਹਰਨਾਜ਼ ਕੌਰ ਜਦੋਂ ਖਰੜ ਸਥਿਤ ਆਪਣੇ ਘਰ ਪਰਤੀ ਤਾਂ ਉਸ ਦੇ ਪਿਤਾ ਪ੍ਰੀਤਮ ਸਿੰਘ ਉਸ ਨੂੰ ਏਅਰਪੋਰਟ ਤੋਂ ਆਪਣੀ ਕਾਰ ਵਿਚ ਆਪਣੇ ਘਰ ਲੈ ਕੇ ਆਏ ਸਨ।



