ਜਲਾਲਾਬਾਦ : ਹਲਕਾ ਜਲਾਲਾਬਾਦ ਦੇ ਅਧੀਨ ਆਉਂਦੇ ਪਿੰਡ ਚੱਕ ਖੁੰਡਵਾਲਾ ਵਿੱਚ ਬੀਤੀ ਅੱਧੀ ਰਾਤ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ, ਜਦੋਂ ਪਿੰਡ ਵਾਸੀਆਂ ਨੇ ਇੱਕ ਘਰ ਵਿੱਚ ਚੱਲ ਰਹੇ ਅਨੈਤਿਕ ਕੰਮਾਂ ਦਾ ਪਰਦਾਫਾਸ਼ ਕੀਤਾ। ਪਿੰਡ ਵਾਲਿਆਂ ਨੇ ਮੌਕੇ ਤੋਂ ਦੋ ਨੌਜਵਾਨਾਂ ਅਤੇ ਦੋ ਲੜਕੀਆਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
2 ਨੌਜਵਾਨ ਹੋਏ ਫਰਾਰ
ਜਾਣਕਾਰੀ ਅਨੁਸਾਰ, ਪਿੰਡ ਵਾਸੀਆਂ ਨੂੰ ਕਾਫੀ ਸਮੇਂ ਤੋਂ ਸ਼ੱਕ ਸੀ ਕਿ ਪਿੰਡ ਦੇ ਇੱਕ ਸੁੰਨੇ ਘਰ ਵਿੱਚ ਗਲਤ ਗਤੀਵਿਧੀਆਂ ਚੱਲ ਰਹੀਆਂ ਹਨ। ਅੱਧੀ ਰਾਤ ਨੂੰ ਜਦੋਂ ਪਿੰਡ ਇਕੱਠਾ ਹੋਇਆ ਅਤੇ ਉਕਤ ਘਰ ਦੀ ਚੈਕਿੰਗ ਕੀਤੀ ਗਈ, ਤਾਂ ਉੱਥੇ ਚਾਰ ਨੌਜਵਾਨ ਅਤੇ ਦੋ ਲੜਕੀਆਂ ਮੌਜੂਦ ਸਨ। ਭੀੜ ਨੂੰ ਦੇਖ ਕੇ ਦੋ ਨੌਜਵਾਨ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ, ਜਦਕਿ ਦੋ ਲੜਕੇ ਅਤੇ ਦੋ ਲੜਕੀਆਂ ਨੂੰ ਪਿੰਡ ਵਾਸੀਆਂ ਨੇ ਮੌਕੇ ‘ਤੇ ਹੀ ਫੜ ਲਿਆ।
ਦੇਹ ਵਪਾਰ ਦੇ ਲੱਗੇ ਗੰਭੀਰ ਇਲਜ਼ਾਮ
ਪਿੰਡ ਦੇ ਸਰਪੰਚ ਅਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਘਰ ਦਾ ਮਾਲਕ ਮੌਜੂਦ ਨਹੀਂ ਹੈ ਅਤੇ ਉਸਦੀ ਪਤਨੀ ਨਸ਼ੇ ਦੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੈ। ਇਲਜ਼ਾਮ ਹੈ ਕਿ ਘਰ ਦਾ ਲੜਕਾ ਇੱਥੇ ਕਥਿਤ ਤੌਰ ‘ਤੇ ਦੇਹ ਵਪਾਰ ਦਾ ਧੰਦਾ ਚਲਾ ਰਿਹਾ ਹੈ। ਪੁੱਛਗਿੱਛ ਦੌਰਾਨ ਮਾਮਲਾ ਹੋਰ ਉਲਝ ਗਿਆ; ਜਿੱਥੇ ਫੜੇ ਗਏ ਨੌਜਵਾਨ ਨੇ ਲੜਕੀਆਂ ਨੂੰ ਆਪਣੀਆਂ ਸਹੇਲੀਆਂ ਦੱਸਿਆ, ਉੱਥੇ ਹੀ ਲੜਕੀਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਇੱਥੇ ਬੁਲਾਇਆ ਗਿਆ ਸੀ।
ਥਾਣਾ ਵੈਰੋਕਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਵੈਰੋਕਾ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਚਾਰਾਂ ਹਿਰਾਸਤ ਵਿੱਚ ਲਏ ਵਿਅਕਤੀਆਂ ਨੂੰ ਥਾਣੇ ਲੈ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਪਿੰਡ ਦੇ ਮਾਹੌਲ ਨੂੰ ਖਰਾਬ ਕਰਨ ਵਾਲੇ ਅਜਿਹੇ ਅਨਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।



