ਮੇਰਠ: ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਲਿਸਾੜੀ ਗੇਟ ਇਲਾਕੇ ਵਿੱਚ ਸੋਮਵਾਰ ਰਾਤ ਇੱਕ ਰੂਹ ਕੰਬਾਊ ਹਾਦਸਾ ਵਾਪਰਿਆ। ਕਿਦਵਈ ਨਗਰ ਇਸਲਾਮਾਬਾਦ ਵਿੱਚ ਇੱਕ ਕੱਪੜਾ ਵਪਾਰੀ ਦੇ ਤਿੰਨ ਮੰਜ਼ਿਲਾ ਘਰ ਵਿੱਚ ਭਿਆਨਕ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਪੰਜ ਮਾਸੂਮ ਬੱਚਿਆਂ ਅਤੇ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ। ਅੱਗ ਲੱਗਣ ਦਾ ਮੁਢਲਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਨਮਾਜ਼ ਪੜ੍ਹਨ ਗਏ ਸਨ ਮਰਦ
ਇਹ ਮਕਾਨ ਕੱਪੜਾ ਵਪਾਰੀ ਇਕਬਾਲ ਅਹਿਮਦ ਦਾ ਹੈ, ਜਿਸ ਦੀ ਪਹਿਲੀ ਮੰਜ਼ਿਲ ‘ਤੇ ਇੰਬ੍ਰਾਇਡਰੀ ਦਾ ਕਾਰਖਾਨਾ ਚੱਲਦਾ ਹੈ ਅਤੇ ਦੂਜੀ ਮੰਜ਼ਿਲ ‘ਤੇ ਪਰਿਵਾਰ ਰਹਿੰਦਾ ਹੈ। ਹਾਦਸੇ ਵੇਲੇ ਇਕਬਾਲ ਅਤੇ ਉਸ ਦੇ ਦੋਵੇਂ ਬੇਟੇ ਮਸਜਿਦ ਵਿੱਚ ਨਮਾਜ਼ ਪੜ੍ਹਨ ਗਏ ਹੋਏ ਸਨ। ਰਾਤ ਕਰੀਬ 9:30 ਵਜੇ ਅਚਾਨਕ ਅੱਗ ਲੱਗ ਗਈ, ਜਿਸ ਨੇ ਕੁਝ ਹੀ ਮਿੰਟਾਂ ਵਿੱਚ ਵਿਕਰਾਲ ਰੂਪ ਧਾਰ ਲਿਆ। ਘਰ ਵਿੱਚ ਧੂੰਆਂ ਭਰ ਜਾਣ ਕਾਰਨ ਅੰਦਰ ਮੌਜੂਦ ਮੈਂਬਰਾਂ ਦਾ ਦਮ ਘੁੱਟਣ ਲੱਗਾ।
ਭੀੜੀਆਂ ਗਲੀਆਂ ਬਣੀਆਂ ਰੁਕਾਵਟ
ਇਲਾਕਾ ਬੇਹੱਦ ਸੰਘਣੀ ਆਬਾਦੀ ਵਾਲਾ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਨਹੀਂ ਪਹੁੰਚ ਸਕੀਆਂ। ਅਜਿਹੇ ‘ਚ ਸਥਾਨਕ ਲੋਕਾਂ ਨੇ ਹਿੰਮਤ ਦਿਖਾਈ ਅਤੇ ਗੁਆਂਢੀ ਮਕਾਨਾਂ ਦੀਆਂ ਛੱਤਾਂ ਰਾਹੀਂ ਅੰਦਰ ਦਾਖਲ ਹੋ ਕੇ ਝੁਲਸੇ ਹੋਏ ਬੱਚਿਆਂ ਅਤੇ ਔਰਤਾਂ ਨੂੰ ਬਾਹਰ ਕੱਢਿਆ। ਲੋਕਾਂ ਨੇ ਪਾਣੀ ਦੀਆਂ ਬਾਲਟੀਆਂ ਅਤੇ ਨਿੱਜੀ ਸਾਧਨਾਂ ਨਾਲ ਅੱਗ ‘ਤੇ ਕਾਬੂ ਪਾਇਆ, ਪਰ ਉਦੋਂ ਤੱਕ ਕਾਫੀ ਨੁਕਸਾਨ ਹੋ ਚੁੱਕਾ ਸੀ।
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲਿਆ ਜਾਇਜ਼ਾ
ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਮੈਜਿਸਟਰੇਟ ਡਾ. ਵੀ.ਕੇ. ਸਿੰਘ ਅਤੇ ਐਸ.ਐਸ.ਪੀ ਅਵਿਨਾਸ਼ ਪਾਂਡੇ ਭਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ। ਅਧਿਕਾਰੀਆਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਅਤੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਕਾਰਖਾਨੇ ਵਿੱਚ ਪਏ ਕੱਪੜਿਆਂ ਅਤੇ ਧਾਗਿਆਂ ਨੇ ਤੇਜ਼ੀ ਨਾਲ ਅੱਗ ਫੜ ਲਈ ਸੀ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



