ਪਟਿਆਲਾ : ਪਟਿਆਲਾ ਦੀ ਗੁਰਬਖ਼ਸ਼ ਕਲੋਨੀ ਸਥਿਤ ‘ਮਿੱਤਲ ਗਾਰਮੈਂਟਸ’ ਸ਼ੋਅਰੂਮ ਵਿੱਚ ਅੱਜ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਇਲਾਕੇ ਵਿੱਚ ਅਫਰਾ-ਤਫਰੀ ਮਚ ਗਈ। ਇਹ ਘਟਨਾ ਇਸ ਲਈ ਵੀ ਗੰਭੀਰ ਸੀ ਕਿਉਂਕਿ ਅੱਗ ਲੱਗਣ ਵਾਲਾ ਸ਼ੋਅਰੂਮ ਇੱਕ ਪੈਟਰੋਲ ਪੰਪ ਤੋਂ ਮਹਿਜ਼ 10 ਮੀਟਰ ਦੀ ਦੂਰੀ ‘ਤੇ ਸਥਿਤ ਹੈ। ਅੱਗ ਦੀਆਂ ਲਪਟਾਂ ਦੇਖ ਕੇ ਆਸ-ਪਾਸ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।
ਸ਼ਾਰਟ ਸਰਕਿਟ ਬਣਿਆ ਕਾਰਨ
ਮੁੱਢਲੀ ਜਾਂਚ ਅਤੇ ਦੁਕਾਨ ਮਾਲਕ ਦੇ ਬਿਆਨਾਂ ਅਨੁਸਾਰ, ਅੱਗ ਲੱਗਣ ਦਾ ਮੁੱਖ ਕਾਰਨ ਬਿਜਲੀ ਦਾ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਆਰਥਿਕ ਤੌਰ ‘ਤੇ ਦੁਕਾਨਦਾਰ ਨੂੰ ਵੱਡੀ ਸੱਟ ਵੱਜੀ ਹੈ। ਪੀੜਤ ਦੁਕਾਨਦਾਰ ਅਨੁਸਾਰ ਸ਼ੋਅਰੂਮ ਵਿੱਚ ਰੱਖਿਆ ਤਕਰੀਬਨ 3 ਤੋਂ 4 ਲੱਖ ਰੁਪਏ ਦਾ ਮਾਲ ਸੜ ਕੇ ਸਵਾਹ ਹੋ ਗਿਆ ਹੈ। ਫਾਇਰ ਅਫ਼ਸਰਾਂ ਮੁਤਾਬਕ ਜੇਕਰ ਅੱਗ ਸਮੇਂ ਸਿਰ ਨਾ ਬੁਝਾਈ ਜਾਂਦੀ ਤਾਂ ਇਹ ਨਾਲ ਲੱਗਦੇ ਪੈਟਰੋਲ ਪੰਪ ਤੱਕ ਪਹੁੰਚ ਕੇ ਵੱਡੀ ਤਬਾਹੀ ਮਚਾ ਸਕਦੀ ਸੀ।
ਸੁਰੱਖਿਆ ਨਿਯਮਾਂ ‘ਤੇ ਉੱਠੇ ਵੱਡੇ ਸਵਾਲ
ਇਸ ਅਗਨੀਕਾਂਡ ਨੇ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਅਤੇ ਐਨ.ਓ.ਸੀ. (NOC) ਪ੍ਰਕਿਰਿਆ ‘ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇੱਕ ਰਿਹਾਇਸ਼ੀ ਇਲਾਕੇ ਵਿੱਚ ਪੈਟਰੋਲ ਪੰਪ ਦੇ ਇੰਨੇ ਨੇੜੇ ਕਮਰਸ਼ੀਅਲ ਸ਼ੋਅਰੂਮ ਨੂੰ ਮਨਜ਼ੂਰੀ ਕਿਵੇਂ ਮਿਲੀ? ਕੀ ਫਾਇਰ ਵਿਭਾਗ ਵੱਲੋਂ ਇਸ ਬਿਲਡਿੰਗ ਨੂੰ ਬਕਾਇਦਾ ਐਨ.ਓ.ਸੀ. ਜਾਰੀ ਕੀਤੀ ਗਈ ਸੀ? ਇਸ ਤੋਂ ਇਲਾਵਾ, ਰਿਹਾਇਸ਼ੀ ਖੇਤਰ ਦੇ ਅੰਦਰ ਪੈਟਰੋਲ ਪੰਪ ਦੀ ਮੌਜੂਦਗੀ ਵੀ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪ੍ਰਸ਼ਾਸਨ ਲਈ ਇਹ ਜਾਂਚ ਦਾ ਵਿਸ਼ਾ ਹੈ ਕਿ ਸੁਰੱਖਿਆ ਮਾਪਦੰਡਾਂ ਦੀ ਕਿਤੇ ਅਣਦੇਖੀ ਤਾਂ ਨਹੀਂ ਹੋਈ।



