ਰੂਸ : ਰੂਸ ਦੇ ਟੈਮਬੋਵ (Tambov) ਇਲਾਕੇ ਵਿੱਚ ਇੱਕ ਰੂਸੀ ਮਾਲਗੱਡੀ ਵਿੱਚ ਜ਼ਬਰਦਸਤ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਤੇਲ ਦੇ ਵੈਗਨਾਂ (ਈਂਧਨ ਟੈਂਕਰਾਂ) ਨਾਲ ਲੱਦੀ ਇੱਕ ਰੇਲਗੱਡੀ ਸਪਲਾਈ ਰੂਟ ਤੋਂ ਗੁਜ਼ਰ ਰਹੀ ਸੀ। ਇਸ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਕੋਚੇਤੋਵਕਾ-2 ਸਟੇਸ਼ਨ ‘ਤੇ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਅਨੁਸਾਰ ਇਹ ਧਮਾਕਾ ਮਾਸਕੋ-ਵੋਰੋਨੇਜ਼-ਰੋਸਤੋਵ ਰੂਟ ‘ਤੇ ਸਥਿਤ ਕੋਚੇਤੋਵਕਾ-2 ਸਟੇਸ਼ਨ ਦੇ ਨੇੜੇ ਹੋਇਆ। ਦੱਸਿਆ ਜਾ ਰਿਹਾ ਹੈ ਕਿ ਰੇਲਗੱਡੀ ਦੇ ਪਟੜੀ ਤੋਂ ਉਤਰਨ ਕਾਰਨ ਇਹ ਭਿਆਨਕ ਧਮਾਕਾ ਹੋਇਆ, ਜਿਸ ਤੋਂ ਬਾਅਦ ਅੱਗ ਦੀਆਂ ਲਪਟਾਂ ਅਸਮਾਨ ਵਿੱਚ ਲਗਭਗ 1,000 ਫੁੱਟ ਦੀ ਉਚਾਈ ਤੱਕ ਦੇਖੀਆਂ ਗਈਆਂ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਤੇਜ਼ੀ ਨਾਲ ਰੇਲ ਦੇ ਹੋਰ ਹਿੱਸਿਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।
ਭਾਰੀ ਮਾਲੀ ਨੁਕਸਾਨ, ਰੇਲ ਸੇਵਾਵਾਂ ਪ੍ਰਭਾਵਿਤ
ਰਿਪੋਰਟਾਂ ਮੁਤਾਬਕ ਇਸ ਅੱਗ ਕਾਰਨ ਰੇਲਗੱਡੀ ਦੇ ਲਗਭਗ 30 ਵੈਗਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਖੁਸ਼ਕਿਸਮਤੀ ਰਹੀ ਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਹੈ। ਹਾਲਾਂਕਿ, ਇਸ ਧਮਾਕੇ ਕਾਰਨ ਰੇਲਵੇ ਸੰਚਾਲਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ, ਜਿਸ ਕਾਰਨ ਘੱਟੋ-ਘੱਟ ਅੱਠ ਇੰਟਰ-ਸਿਟੀ ਰੇਲ ਗੱਡੀਆਂ ਆਪਣੇ ਨਿਰਧਾਰਿਤ ਸਮੇਂ ਤੋਂ ਕਾਫੀ ਦੇਰੀ ਨਾਲ ਚੱਲ ਰਹੀਆਂ ਹਨ।
ਤੋੜ-ਫੋੜ ਦੀ ਸ਼ੰਕਾ: ਯੂਕਰੇਨ ਜੰਗ ਨਾਲ ਜੁੜੇ ਹੋ ਸਕਦੇ ਹਨ ਤਾਰ
ਕੁਝ ਰਿਪੋਰਟਾਂ ਵਿੱਚ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਧਮਾਕਾ ਕਿਸੇ ਵੱਡੀ ਸਜ਼ਿਸ਼ ਜਾਂ ਤੋੜ-ਫੋੜ ਦਾ ਨਤੀਜਾ ਹੋ ਸਕਦਾ ਹੈ। ਇਹ ਰੇਲਵੇ ਲਾਈਨ ਰੂਸ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਰਾਹੀਂ ਦੱਖਣੀ ਰੂਸ ਵਿੱਚ ਭਾਰੀ ਮਾਤਰਾ ਵਿੱਚ ਤੇਲ, ਫੌਜੀ ਸਾਜ਼ੋ-ਸਾਮਾਨ ਅਤੇ ਹੋਰ ਜ਼ਰੂਰੀ ਸਪਲਾਈ ਭੇਜੀ ਜਾਂਦੀ ਹੈ। ਯੂਕਰੇਨ ਨਾਲ ਚੱਲ ਰਹੀ ਜੰਗ ਦੇ ਮੱਦੇਨਜ਼ਰ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ, ਕਿਉਂਕਿ ਇਹ ਰੂਸ ਦੇ ਫੌਜੀ ਸਪਲਾਈ ਰੂਟ ਨੂੰ ਸਿੱਧੀ ਸੱਟ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਪੰਜਾਬ ‘ਚ ਕਿਸਾਨੀ ਅੰਦੋਲਨ ਦਾ ਵੱਡਾ ਧਮਾਕਾ: CM ਅਤੇ ਮੰਤਰੀਆਂ ਦੇ ਘਰਾਂ ਦਾ ਘੇਰਾਓ, ਜਾਣੋ ਕੀ ਹਨ ਮੁੱਖ ਮੰਗਾਂ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



