ਲੁਧਿਆਣਾ : ਲੁਧਿਆਣਾ ਦੇ ਪੌਸ਼ ਇਲਾਕੇ ਸਥਿਤ ਮੋਬਾਈਲ ਮਾਰਕੀਟ ਵਿੱਚ ਚੋਰਾਂ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚੋਰਾਂ ਨੇ ਸਿਰਫ਼ 20 ਮਿੰਟਾਂ ਦੇ ਅੰਦਰ-ਅੰਦਰ ਇੱਕ ਮੋਬਾਈਲ ਸ਼ੋਰੂਮ ਨੂੰ ਨਿਸ਼ਾਨਾ ਬਣਾਉਂਦਿਆਂ ਲਗਭਗ 100 ਮਹਿੰਗੇ ਸਮਾਰਟਫੋਨ ਅਤੇ 15 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਚੋਰੀ ਹੋਏ ਸਾਰੇ ਮੋਬਾਈਲਾਂ ਦੀ ਕੁੱਲ ਕੀਮਤ ਲਗਭਗ 35 ਲੱਖ ਰੁਪਏ ਦੱਸੀ ਜਾ ਰਹੀ ਹੈ।
ਸ਼ਟਰ ਉਖਾੜ ਕੇ ਅੰਦਰ ਦਾਖ਼ਲ ਹੋਏ ਚੋਰ
ਮਿਲੀ ਜਾਣਕਾਰੀ ਮੁਤਾਬਕ ਚੋਰਾਂ ਨੇ ਬੇਖੌਫ਼ ਹੋ ਕੇ ਸ਼ੋਰੂਮ ਦਾ ਸ਼ਟਰ ਉਖਾੜਿਆ ਅਤੇ ਆਸਾਨੀ ਨਾਲ ਅੰਦਰ ਦਾਖ਼ਲ ਹੋ ਗਏ। ਇਸ ਵਾਰਦਾਤ ਦੌਰਾਨ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਚੋਰ ਮੋਬਾਈਲਾਂ ਦੇ ਖ਼ਾਲੀ ਡੱਬੇ ਦੁਕਾਨ ਦੇ ਅੰਦਰ ਹੀ ਛੱਡ ਗਏ ਅਤੇ ਸਿਰਫ਼ ਮੋਬਾਈਲ ਫੋਨ ਕੱਢ ਕੇ ਆਪਣੇ ਬੈਗਾਂ ਵਿੱਚ ਭਰ ਕੇ ਫ਼ਰਾਰ ਹੋ ਗਏ। ਇਸ ਪੂਰੀ ਘਟਨਾ ਦੀਆਂ ਤਸਵੀਰਾਂ ਸ਼ੋਰੂਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ, ਜਿਸ ਵਿੱਚ 5 ਚੋਰ ਇਸ ਚੋਰੀ ਨੂੰ ਅੰਜਾਮ ਦਿੰਦੇ ਹੋਏ ਸਾਫ਼ ਨਜ਼ਰ ਆ ਰਹੇ ਹਨ।
ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਸ਼ੁਰੂ ਕੀਤੀ ਜਾਂਚ
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਸ਼ੋਰੂਮ ਦੇ ਅੰਦਰ ਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਦਾ ਕਹਿਣਾ ਹੈ ਕਿ ਫੁਟੇਜ ਦੇ ਆਧਾਰ ‘ਤੇ ਦੋਸ਼ੀਆਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਇਨ੍ਹਾਂ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


