ਅੰਮ੍ਰਿਤਸਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਸਰਹੱਦ ਪਾਰ ਤੋਂ ਰਚੀ ਗਈ ਇੱਕ ਖ਼ਤਰਨਾਕ ਅੱਤਵਾਦੀ ਸਾਜ਼ਿਸ਼ ਨੂੰ ਸਮਾਂ ਰਹਿੰਦੇ ਨਾਕਾਮ ਕਰ ਦਿੱਤਾ ਹੈ। ਸੀਆਈਏ (CIA) ਸਟਾਫ਼ ਵੱਲੋਂ ਚਲਾਏ ਗਏ ਇੱਕ ਗੁਪਤ ਆਪ੍ਰੇਸ਼ਨ ਦੌਰਾਨ ਪਾਕਿਸਤਾਨੀ ਖ਼ੁਫ਼ੀਆ ਏਜੰਸੀ ISI ਦੇ ਹੈਂਡਲਰਾਂ ਨਾਲ ਸਿੱਧੇ ਸੰਪਰਕ ਵਿੱਚ ਰਹੇ ਇੱਕ ਨੌਜਵਾਨ ਨੂੰ ਦਬੋਚਿਆ ਗਿਆ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਆਧੁਨਿਕ 9 ਐਮਐਮ ਗਲੋਕ ਪਿਸਤੌਲ, ਚਾਰ ਜ਼ਿੰਦਾ ਕਾਰਤੂਸ ਅਤੇ ਇੱਕ ਹੈਂਡ ਗ੍ਰਨੇਡ ਬਰਾਮਦ ਕੀਤਾ ਹੈ, ਜਿਸ ਨਾਲ ਪੰਜਾਬ ਵਿੱਚ ਇੱਕ ਵੱਡੀ ਵਾਰਦਾਤ ਹੋਣੋਂ ਟਲ ਗਈ ਹੈ।
ਪੁਲਿਸ ਸਟੇਸ਼ਨਾਂ ‘ਤੇ ਹਮਲੇ ਦੀ ਸੀ ਯੋਜਨਾ
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ 24 ਸਾਲਾ ਮੁਲਜ਼ਮ ਸੁਮਿਤ ਕੁਮਾਰ ਉਰਫ਼ ਪੰਡਿਤ ਨੂੰ ਪਾਕਿਸਤਾਨੀ ਹੈਂਡਲਰਾਂ ਨੇ ਮੋਟੀ ਰਕਮ ਦਾ ਲਾਲਚ ਦੇ ਕੇ ਆਪਣੇ ਜਾਲ ਵਿੱਚ ਫਸਾਇਆ ਸੀ। ਮੁਲਜ਼ਮ ਨੂੰ ਹਦਾਇਤ ਦਿੱਤੀ ਗਈ ਸੀ ਕਿ ਉਹ ਪੁਲਿਸ ਠਿਕਾਣਿਆਂ ‘ਤੇ ਗ੍ਰਨੇਡ ਨਾਲ ਹਮਲਾ ਕਰੇ ਜਾਂ ਪੁਲਿਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕਰੇ। ਜੇਕਰ ਇਹ ਸੰਭਵ ਨਾ ਹੋਵੇ, ਤਾਂ ਕਿਸੇ ਭੀੜ-ਭੜੱਕੇ ਵਾਲੀ ਜਨਤਕ ਥਾਂ ‘ਤੇ ਧਮਾਕਾ ਕਰਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾਵੇ। ਜਾਂਚ ਟੀਮ ਨੂੰ ਮੁਲਜ਼ਮ ਦੇ ਮੋਬਾਈਲ ਫ਼ੋਨ ਵਿੱਚੋਂ ਕਈ ਅਹਿਮ ਅਤੇ ਇਤਰਾਜ਼ਯੋਗ ਵੀਡੀਓਜ਼ ਤੇ ਚੈਟ ਮਿਲੇ ਹਨ, ਜਿਨ੍ਹਾਂ ਵਿੱਚ ਹਥਿਆਰ ਚਲਾਉਣ, ਗ੍ਰਨੇਡ ਨੂੰ ਐਕਟਿਵ ਕਰਨ ਅਤੇ ਹਮਲੇ ਵਾਲੀਆਂ ਥਾਵਾਂ ਦੀ ਰੈਕੀ ਕਰਨ ਦੇ ਨਿਰਦੇਸ਼ ਸ਼ਾਮਲ ਸਨ।
ਸ਼ੱਕ ਤੋਂ ਬਚਣ ਲਈ ਬਜ਼ੁਰਗ ਮਹਿਲਾ ਨੂੰ ਰੈਕੀ ਦੌਰਾਨ ਰੱਖਦਾ ਸੀ ਨਾਲ
ਪੁਲਿਸ ਮੁਤਾਬਕ, ਮੁਲਜ਼ਮ ਸੁਮਿਤ ਮੂਲ ਰੂਪ ਵਿੱਚ ਰੂਪਨਗਰ ਦੇ ਨੰਗਲ ਖੇਤਰ ਦਾ ਰਹਿਣ ਵਾਲਾ ਹੈ, ਜੋ ਅੱਜਕੱਲ੍ਹ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਪੰਡੋਰੀ ਵੜੈਚ ਵਿਖੇ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਕੇ ਇੱਕ ਕੱਪੜਾ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ। ਸੁਮਿਤ ਦਾ ਪੁਰਾਣਾ ਅਪਰਾਧਿਕ ਪਿਛੋਕੜ ਵੀ ਹੈ; ਸਾਲ 2023 ਵਿੱਚ ਉਸ ਵਿਰੁੱਧ ਐਨਡੀਪੀਐਸ (NDPS) ਐਕਟ ਤਹਿਤ ਮਾਮਲਾ ਦਰਜ ਹੋਇਆ ਸੀ ਅਤੇ ਉਹ ਜੇਲ੍ਹ ਵੀ ਜਾ ਚੁੱਕਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਹਮਲੇ ਦੀ ਯੋਜਨਾ ਬਣਾਉਣ ਲਈ ਰੈਕੀ ਕਰਦੇ ਸਮੇਂ ਉਹ ਪੁਲਿਸ ਅਤੇ ਆਮ ਲੋਕਾਂ ਦੇ ਸ਼ੱਕ ਤੋਂ ਬਚਣ ਲਈ ਆਪਣੇ ਪਰਿਵਾਰ ਦੀ ਇੱਕ ਬਜ਼ੁਰਗ ਮਹਿਲਾ ਨੂੰ ਆਪਣੇ ਨਾਲ ਬਾਈਕ ‘ਤੇ ਬਿਠਾ ਕੇ ਲੈ ਜਾਂਦਾ ਸੀ।
CIA ਸਟਾਫ਼ ਦੀ ਮੁਸਤੈਦੀ ਨੇ ਟਾਲਿਆ ਵੱਡਾ ਹਾਦਸਾ
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਗੈਂਗਸਟਰਾਂ ਅਤੇ ਦੇਸ਼-ਵਿਰੋਧੀ ਅੰਸ਼ਾਂ ਵਿਰੁੱਧ ਅਪਣਾਈ ਗਈ ‘ਜ਼ੀਰੋ ਟਾਲਰੈਂਸ’ ਨੀਤੀ ਦਾ ਹਿੱਸਾ ਹੈ। ਸੀਆਈਏ ਸਟਾਫ਼ ਅਤੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਇਸ ਇੰਟੈਲੀਜੈਂਸ ਆਧਾਰਿਤ ਆਪ੍ਰੇਸ਼ਨ ਨੂੰ ਬੇਹੱਦ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ ਹੈ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ, “ਸਰਹੱਦ ਪਾਰ ਬੈਠੇ ਦੁਸ਼ਮਣ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨ ਲਈ ਨੌਜਵਾਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਗੁਮਰਾਹ ਕਰ ਰਹੇ ਹਨ। ਨੌਜਵਾਨ ਅਜਿਹੀਆਂ ਦੇਸ਼-ਵਿਰੋਧੀ ਗਤੀਵਿਧੀਆਂ ਤੋਂ ਦੂਰ ਰਹਿਣ।”
ਐਂਟੀ-ਡ੍ਰੋਨ ਸਿਸਟਮ ਦਾ ਸਫ਼ਲ ਪਰੀਖਣ
ਇੱਕ ਸਵਾਲ ਦੇ ਜਵਾਬ ਵਿੱਚ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਡ੍ਰੋਨਾਂ ਰਾਹੀਂ ਹੋਣ ਵਾਲੀ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਨਵੀਂ ਐਂਟੀ-ਡ੍ਰੋਨ ਤਕਨੀਕ (Anti-Drone System) ਦਾ ਸਫ਼ਲ ਪਰੀਖਣ ਕਰ ਲਿਆ ਗਿਆ ਹੈ, ਜਿਸ ਨੂੰ ਜਲਦੀ ਹੀ ਸਰਹੱਦੀ ਇਲਾਕਿਆਂ ਵਿੱਚ ਪੂਰੀ ਤਰ੍ਹਾਂ ਸਰਗਰਮ ਕਰ ਦਿੱਤਾ ਜਾਵੇਗਾ। ਪੁਲਿਸ ਨੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਗੁਪਤ ਸੀਸੀਟੀਵੀ ਕੈਮਰੇ ਅਤੇ ਸਾਦੇ ਕੱਪੜਿਆਂ ਵਿੱਚ ਜਵਾਨ ਤਾਇਨਾਤ ਕਰਕੇ ਸੁਰੱਖਿਆ ਘੇਰਾ ਹੋਰ ਮਜ਼ਬੂਤ ਕਰ ਦਿੱਤਾ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



