ਬਠਿੰਡਾ : ਬਠਿੰਡਾ-ਬਰਨਾਲਾ ਮੁੱਖ ਮਾਰਗ ‘ਤੇ ਸਥਿਤ ਹੋਟਲ ਸਟੈਲਾ ਦੇ ਸਾਹਮਣੇ ਬਣੇ ਇੱਕ ਜਨਤਕ ਪਾਰਕ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਮ੍ਰਿਤਕ ਨੌਜਵਾਨ ਦੀ ਉਮਰ ਕਰੀਬ 25 ਤੋਂ 30 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਸਮਾਜ ਸੇਵੀ ਸੰਸਥਾ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਹਾਰਾ ਜਨ ਸੇਵਾ ਬਠਿੰਡਾ ਦੇ ਮੈਂਬਰ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਦੀ ਹੈਲਪਲਾਈਨ ‘ਤੇ ਪਾਰਕ ਵਿੱਚ ਇੱਕ ਨੌਜਵਾਨ ਦੇ ਬੇਹੋਸ਼ ਪਏ ਹੋਣ ਦੀ ਇਤਲਾਹ ਮਿਲੀ ਸੀ। ਸਹਾਰਾ ਟੀਮ ਨੇ ਬਿਨਾਂ ਸਮਾਂ ਗਵਾਏ ਮੌਕੇ ‘ਤੇ ਪਹੁੰਚ ਕੇ ਦੇਖਿਆ ਕਿ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਤੁਰੰਤ ਬਾਅਦ ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਦੀ ਮੌਜੂਦਗੀ ਵਿੱਚ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਪਹੁੰਚਾਇਆ ਗਿਆ।
ਮੁੱਢਲੀ ਜਾਂਚ ਦੌਰਾਨ ਮਾਮਲਾ ਨਸ਼ੇ ਦੀ ਓਵਰਡੋਜ਼ ਨਾਲ ਜੁੜਿਆ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਕਿਉਂਕਿ ਮ੍ਰਿਤਕ ਦੇ ਸਰੀਰ ‘ਤੇ ਇੱਕ ਇੰਜੈਕਸ਼ਨ ਲੱਗਿਆ ਹੋਇਆ ਬਰਾਮਦ ਹੋਇਆ ਹੈ। ਹਾਲਾਂਕਿ, ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਅਤੇ ਸਹੀ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਂਦ ਹੀ ਹੋ ਸਕੇਗਾ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਲਾਸ਼ ਨੂੰ ਸਿਵਲ ਹਸਪਤਾਲ ਬਠਿੰਡਾ ਦੇ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਕਰਵਾਉਣ ਅਤੇ ਉਸ ਦੇ ਵਾਰਸਾਂ ਦਾ ਪਤਾ ਲਗਾਉਣ ਲਈ ਆਸ-ਪਾਸ ਦੇ ਇਲਾਕਿਆਂ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਸਾਫ਼ ਹੋ ਸਕੇ ਕਿ ਇਹ ਖੁਦਕੁਸ਼ੀ ਹੈ, ਹਾਦਸਾ ਹੈ ਜਾਂ ਫਿਰ ਇਸ ਪਿੱਛੇ ਕੋਈ ਹੋਰ ਸਾਜ਼ਿਸ਼ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



