ਬਠਿੰਡਾ : ਬਠਿੰਡਾ ਦੀ ਸੈਂਟਰਲ ਜੇਲ੍ਹ ਵਿੱਚ ਬੁੱਧਵਾਰ ਤੜਕੇ ਇੱਕ ਵਿਚਾਰਾਧੀਨ ਬੰਦੀ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸਵੇਰੇ ਕਰੀਬ 4:30 ਵਜੇ ਦੀ ਹੈ। ਮ੍ਰਿਤਕ ਦੀ ਪਛਾਣ ਜੱਸੂ ਸਿੰਘ (30) ਪੁੱਤਰ ਅਮਰੀਕ ਸਿੰਘ, ਵਾਸੀ ਰਾਮਣਵਾਸ, ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ।
ਐੱਨ.ਡੀ.ਪੀ.ਐੱਸ. ਤਹਿਤ ਦਰਜ ਸੀ ਮਾਮਲਾ
ਮ੍ਰਿਤਕ ਜੱਸੂ ਸਿੰਘ ਨੂੰ ਥਾਣਾ, ਜ਼ਿਲ੍ਹਾ ਬਠਿੰਡਾ ਵਿਖੇ ਦਰਜ ਮੁਕੱਦਮੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਖਿਲਾਫ ਐੱਨ.ਡੀ.ਪੀ.ਐੱਸ. ਐਕਟ (NDPS Act) ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਨਿਆਂਇਕ ਹਿਰਾਸਤ ਤਹਿਤ ਸੈਂਟਰਲ ਜੇਲ੍ਹ ਬਠਿੰਡਾ ਭੇਜਿਆ ਗਿਆ ਸੀ।
ਬੈਰਕ ਦੀ ਖਿੜਕੀ ਦੀ ਗ੍ਰਿਲ ਨਾਲ ਲਗਾਇਆ ਫਾਹਾ
ਜਾਣਕਾਰੀ ਅਨੁਸਾਰ ਬੁੱਧਵਾਰ ਤੜਕੇ ਨੌਜਵਾਨ ਨੇ ਆਪਣੀ ਬੈਰਕ ਵਿੱਚ ਹੀ ਖਿੜਕੀ ਦੀ ਗ੍ਰਿਲ ਨਾਲ ਫਾਹਾ ਲੈ ਲਿਆ। ਜਦੋਂ ਜੇਲ੍ਹ ਸਟਾਫ਼ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਉਸ ਨੂੰ ਹੇਠਾਂ ਉਤਾਰਿਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।
ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਜਾਰੀ
ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਦੀ ਮੌਰਚਰੀ ਵਿੱਚ ਰੱਖਵਾ ਦਿੱਤਾ ਗਿਆ ਹੈ। ਪੋਸਟਮਾਰਟਮ ਅਤੇ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਫਿਲਹਾਲ ਖ਼ੁਦਕੁਸ਼ੀ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
‘ਨਵ ਖਾਦ ਸਟੋਰ’ ‘ਤੇ ਹਥਿਆਰਬੰਦ ਨੌਜਵਾਨਾਂ ਦਾ ਹਮਲਾ, ਭੰਨ-ਤੋੜ ਕਰਕੇ ਨਕਦੀ ਤੇ ਲੈਪਟਾਪ ਚੋਰੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



