ਪੰਜਾਬ ਸਰਕਾਰ ਵਲੋਂ ਕੀਤੀ ਗਈ ਕੈਬਨਿਟ ਮੀਟਿੰਗ ਵਿਚ ਲਏ ਗਏ ਵੱਡੇ ਫੈਸਲੇ 

ਚੰਡੀਗੜ੍ਹ : ਪੰਜਾਬ ਸਰਕਾਰ ਦੀ ਨਵੀਂ ਚੁਣੀ ਗਈ ਕੈਬਨਿਟ ਲਈ ਅੱਜ 10 ਮੰਤਰੀਆਂ (Bhagwant Mann Cabinet) ਨੇ ਸਹੁੰ ਚੁੱਕੀ। ਇਸ ਪਿੱਛੋਂ ਪੰਜਾਬ ਕੈਬਨਿਟ ਦੀ ਪਲੇਠੀ…

ਚੰਡੀਗੜ੍ਹ : ਪੰਜਾਬ ਸਰਕਾਰ ਦੀ ਨਵੀਂ ਚੁਣੀ ਗਈ ਕੈਬਨਿਟ ਲਈ ਅੱਜ 10 ਮੰਤਰੀਆਂ (Bhagwant Mann Cabinet) ਨੇ ਸਹੁੰ ਚੁੱਕੀ। ਇਸ ਪਿੱਛੋਂ ਪੰਜਾਬ ਕੈਬਨਿਟ ਦੀ ਪਲੇਠੀ ਮੀਟਿੰਗ ਹੋਈ ਹੈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਦੀ ਨਵੀਂ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਸੀ ਤੇ ਮੈਨੂੰ ਤੁਹਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਦਾ ਹਰੇ ਰੰਗ ਦਾ ਪੈਨ ਨੌਜਵਾਨ ਮੁੰਡੇ-ਕੁੜੀਆਂ ਦੇ ਹੱਕ ਵਿਚ ਚੱਲਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ 25 ਹਜ਼ਾਰ ਨੌਕਰੀਆਂ ਦਾ ਏਜੰਡਾ ਕੈਬਨਿਟ ਵਿਚ ਪਾਸ ਕੀਤਾ ਗਿਆ। ਇਨ੍ਹਾਂ ਵਿਚੋਂ 10 ਹਜ਼ਾਰ ਨੌਕਰੀਆਂ ਪੰਜਾਬ ਪੁਲਿਸ ਲਈ ਅਤੇ 15 ਹਜ਼ਾਰ ਨੌਕਰੀਆਂ ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਲਈ ਜਾਰੀ ਕੀਤੀਆਂ ਗਈਆਂ ਹਨ। ਇਹ ਸਾਰੀਆਂ ਨੌਕਰੀਆਂ ਡਿਗਰੀਆਂ ਮੁਤਾਬਕ ਅਤੇ ਯੋਗਤਾ ਮੁਤਾਬਕ ਦਿੱਤੀਆਂ ਜਾਣਗੀਆਂ। ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ ਅਤੇ ਨਾ ਰਿਸ਼ਵਤ ਤੇ ਸਿਫਾਰਿਸ਼ ਚੱਲਣ ਦਿੱਤੀ ਜਾਵੇਗੀ। ਇਸ ਸਬੰਧੀ ਇਕ ਮਹੀਨੇ ਵਿਚ ਐਡਵਰਟਾਈਜ਼ਮੈਂਟ ਅਤੇ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ। ਆਉਣ ਵਾਲੇ ਦਿਨਾਂ ਵਿਚ ਬਾਕੀ ਗਾਰੰਟੀਆਂ ਵੀ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਨੂੰ ਥੋੜ੍ਹਾ ਸਮਾਂ ਦਿਓ ਤਾਂ ਜੋ ਬਾਕੀ ਰਹਿੰਦੇ ਕੰਮ ਵੀ ਅਸੀਂ ਪੂਰੇ ਕਰ ਸਕੀਏ।

ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀਆਂ ਦੀ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਬ੍ਰਹਮ ਸ਼ੰਕਰ ਜਿੰਪਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਵੱਡਾ ਫ਼ੈਸਲਾ ਲਿਆ ਗਿਆ ਹੈ ਪਰ ਪਹਿਲਾਂ ਇਸ ਨੂੰ ਵਿਧਾਨ ਸਭਾ ‘ਚ ਲਿਜਾਇਆ ਜਾਵੇਗਾ। ਇਸ ਮੌਕੇ ਕਿਸੇ ਵੀ ਮੰਤਰੀ ਨੇ ਅੰਦਰ ਹੋਈ ਚਰਚਾ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਮੁੱਖ ਮੰਤਰੀ ਹੀ ਇਸ ਦਾ ਖ਼ੁਲਾਸਾ ਕਰ ਸਕਦੇ ਹਨ। ਪੰਜਾਬ ਦੀ ਨਵੀਂ ਵਜ਼ਾਰਤ ‘ਚ ਕੈਬਨਿਟ ਮੰਤਰੀ ਵਜੋਂ ਸ਼ਾਮਿਲ ਡਾ. ਬਲਜੀਤ ਕੌਰ ਸ੍ਰੀ ਮੁਕਤਸਰ ਸਾਹਿਬ ਦੀ ਮਲੋਟ ਸੀਟ (ਰਾਖਵਾਂ) ਤੇ ਵਿਧਾਇਕ ਚੁਣੇ ਗਏ ਸਨ। ‘ਆਪ’ ਸਾਬਕਾ ਲੋਕ ਸਭਾ ਮੈਂਬਰ ਪ੍ਰੋਫ਼ੈਸਰ ਸਾਧੂ ਸਿੰਘ ਦੀ ਬੇਟੀ ਹਨ ਤੇ ਅੱਖਾਂ ਦੇ ਪ੍ਰਸਿੱਧ ਡਾਕਟਰ ਹਨ, ਉਹ ਕਈ ਸਾਲਾਂ ਤੋਂ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਖਾਂ ਦੇ ਡਾਕਟਰ ਵਜੋਂ ਸੇਵਾਵਾਂ ਨਿਭਾ ਰਹੇ ਸਨ। ਤਿੰਨ ਮਹੀਨੇ ਪਹਿਲਾਂ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਸਨ। 46 ਸਾਲ ਦੀ ਉਮਰ ‘ਚ ਡਾ. ਬਲਜੀਤ ਕੌਰ ਵਲੋਂ ਮਲੋਟ ਹਲਕੇ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਹਰਪ੍ਰੀਤ ਸਿੰਘ ਕੋਟਭਾਈ ਸਾਬਕਾ ਵਿਧਾਇਕ ਨੂੰ 40,261 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਸੀ। ਉਨ੍ਹਾਂ ਦੇ ਮੰਤਰੀ ਬਣਨ ‘ਤੇ ਹਲਕਾ ਵਾਸੀ ਬਾਗੋਬਾਗ ਹਨ। ਇਸ ਹਲਕੇ ਤੋਂ ਉਹ ਮਹਿਲਾ ਵਿਧਾਇਕ ਵਜੋਂ ਪਹਿਲੇ ਮੰਤਰੀ ਬਣੇ ਹਨ।

Leave a Reply

Your email address will not be published. Required fields are marked *