ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਦੇ ਸ਼ਾਹਪੁਰ ਕੰਡੀ ਥਾਨਾ ਪੁਲਿਸ ਨੇ ਚੋਰਾਂ ਦੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਕਾਰਵਾਈ ਦੌਰਾਨ ਗਿਰੋਹ ਦੇ 7 ਮੈਂਬਰਾਂ ਨੂੰ ਕਾਬੂ ਕਰ ਲਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਕਰੋੜਾਂ ਦਾ ਚੋਰੀ ਕੀਤਾ ਹੋਇਆ ਸਾਮਾਨ ਬਰਾਮਦ ਕੀਤਾ ਹੈ, ਜਿਸ ਵਿੱਚ 25 ਏ.ਸੀ., 10 ਵਾਸ਼ਿੰਗ ਮਸ਼ੀਨਾਂ, 10 ਫਰਿੱਜ, 4 ਕੂਲਰ ਅਤੇ 1 ਗੀਜ਼ਰ ਸ਼ਾਮਲ ਹੈ।
ਇਲੈਕਟ੍ਰੋਨਿਕਸ ਗੋਦਾਮ ਵਿੱਚ ਹੋਈ ਸੀ ਵੱਡੀ ਚੋਰੀ
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਬੀਤੇ 11 ਸਤੰਬਰ ਨੂੰ ਪਿੰਡ ਸਿਉਂਟੀ ਨੇੜੇ ਇੱਕ ਇਲੈਕਟ੍ਰੋਨਿਕਸ ਦੇ ਗੋਦਾਮ ਵਿੱਚੋਂ ਵੱਡੀ ਚੋਰੀ ਦੀ ਘਟਨਾ ਵਾਪਰੀ ਸੀ। ਗੋਦਾਮ ਦੇ ਮਾਲਕ ਰਾਜੇਸ਼ ਕੁਮਾਰ ਦੀ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦਿਆਂ ਸ਼ਾਹਪੁਰ ਕੰਡੀ ਪੁਲਿਸ ਨੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰ ਲਿਆ ਸੀ। ਪੁਲਿਸ ਟੀਮ ਨੇ ਤਕਨੀਕੀ ਅਤੇ ਗੁਪਤ ਸੂਚਨਾਵਾਂ ਦੇ ਆਧਾਰ ‘ਤੇ ਤੇਜ਼ੀ ਨਾਲ ਕੰਮ ਕਰਦਿਆਂ 7 ਦੋਸ਼ੀਆਂ ਨੂੰ ਸਾਮਾਨ ਸਮੇਤ ਦਬੋਚ ਲਿਆ।
ਨਸ਼ੇ ਦੀ ਪੂਰਤੀ ਲਈ ਕਰਦੇ ਸਨ ਚੋਰੀਆਂ
ਸ਼ਾਹਪੁਰ ਕੰਡੀ ਥਾਣੇ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀ.ਐੱਸ.ਪੀ. ਧਾਰ ਕਲਾਂ ਰਾਜੇਸ਼ ਕੱਕੜ ਅਤੇ ਥਾਣਾ ਮੁਖੀ ਇੰਸਪੈਕਟਰ ਮੋਹਿਤ ਟਾਂਕ ਨੇ ਖੁਲਾਸਾ ਕੀਤਾ ਕਿ ਫੜੇ ਗਏ ਸਾਰੇ ਸਾਤੇ ਦੋਸ਼ੀ ਨਸ਼ੇ ਕਰਨ ਦੇ ਆਦੀ ਹਨ। ਉਹ ਆਪਣੇ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਇਨ੍ਹਾਂ ਚੋਰੀਆਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਮੁਤਾਬਕ ਇਸ ਪੂਰੀ ਵਾਰਦਾਤ ਵਿੱਚ ਕੁੱਲ 10 ਦੋਸ਼ੀ ਸ਼ਾਮਲ ਸਨ, ਜਿਨ੍ਹਾਂ ਵਿੱਚੋਂ 7 ਨੂੰ ਵੱਖ-ਵੱਖ ਥਾਵਾਂ ਤੋਂ ਕਾਬੂ ਕਰ ਲਿਆ ਗਿਆ ਹੈ। ਡੀ.ਐੱਸ.ਪੀ. ਅਤੇ ਇੰਸਪੈਕਟਰ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ ਇਹ ਵੱਡੀ ਬਰਾਮਦਗੀ ਕੀਤੀ ਗਈ ਹੈ।
ਫਰਾਰ ਦੋਸ਼ੀਆਂ ਦੀ ਭਾਲ ਜਾਰੀ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਗਿਰੋਹ ਦੇ ਤਿੰਨ ਹੋਰ ਦੋਸ਼ੀ ਅਜੇ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਅਤੇ ਬਾਕੀ ਬਚੇ ਚੋਰੀ ਦੇ ਸਾਮਾਨ ਨੂੰ ਬਰਾਮਦ ਕਰਨ ਲਈ ਛਾਪੇਮਾਰੀ ਜਾਰੀ ਹੈ। ਪੁਲਿਸ ਵੱਲੋਂ ਫੜੇ ਗਏ ਦੋਸ਼ੀਆਂ ਦਾ ਮਾਣਯੋਗ ਅਦਾਲਤ ਤੋਂ ਪੁਲਿਸ ਰਿਮੰਡ ਹਾਸਲ ਕਰ ਲਿਆ ਗਿਆ ਹੈ ਤਾਂ ਜੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਦੋਸ਼ੀਆਂ ਖ਼ਿਲਾਫ਼ ਪਹਿਲਾਂ ਵੀ ਚੋਰੀ ਅਤੇ ਐੱਨ.ਡੀ.ਪੀ.ਐੱਸ. ਐਕਟ (NDPS Act) ਤਹਿਤ ਮਾਮਲੇ ਦਰਜ ਹਨ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਬਾਕੀ ਫਰਾਰ ਦੋਸ਼ੀਆਂ ਨੂੰ ਵੀ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
DAY 246 OF GANGSTRAN TE VAAR: PUNJAB POLICE CONDUCTS 596 RAIDS; 249 HELD
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



