ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬੀਤੇ ਦਿਨੀ ਲੁਧਿਆਣਾ ਦੇ ਗਿਆਸਪੁਰ ਰੇਲਵੇ ਫਾਟਕ ਉੱਤੇ ਇਕ ਵੱਡਾ ਹਾਦਸਾ ਵਾਪਰ ਗਿਆ ਸੀ। ਦਰਅਸਲ ਲੋਕ ਰੇਲਵੇ ਫਾਟਕ ਹੇਠੋਂ ਰੇਲਵੇ ਲਾਈਨ ਪਾਰ ਕਰ ਰਹੇ ਸਨ ਪਰ ਉਦੋਂ ਹੀ ਟਰੇਨ ਆ ਗਈ ਜਿਸ ਨਾਲ ਟਕਰਾਉਣ ਕਰਕੇ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਲੋਕ ਜਖਮੀ ਹੋ ਗਏ ਸਨ। ਪਰ ਇਸ ਹਾਦਸੇ ਤੋਂ ਲੋਕਾਂ ਨੇ ਅਜੇ ਵੀ ਸਬਕ ਨਹੀਂ ਲਿਆ ਹੈ ਅਤੇ ਗੁਰਦਾਸਪੁਰ ਵਿਖੇ ਲੋਕ ਆਪਣੀ ਜਾਨ ਨੂੰ ਖਤਰੇ ਵਿਚ ਪਾ ਕੇ ਲੱਗੇ ਹੋਏ ਰੇਲਵੇ ਫਾਟਕ ਨੂੰ ਹੇੇਠਿਓ ਪਾਰ ਕਰਦੇ ਹੋਏ ਵਿਖਾਈ ਦਿੱਤੇ।
ਦਰਅਸਲ ਗੁਰਦਾਸਪੁਰ ਦੇ ਪਠਾਨਕੋਟ ਹਾਈਵੇ ਉੱਤੇ ਮੌਜੂਦ ਫਾਟਕ, ਜੋ ਕਿ ਟਰੇਨ ਆਉਣ ਕਰਕੇ ਬੰਦ ਕੀਤਾ ਹੋਇਆ ਸੀ ਨੂੰ ਲੋਕ ਹੇਠਿਓ ਪਾਰ ਕਰਦੇ ਹੋਏ ਨਜ਼ਰ ਆਏ। ਇਨ੍ਹਾਂ ਲੋਕਾਂ ਨੂੰ ਇਸ ਗੱਲ ਦਾ ਬਿਲਕੁੱਲ ਵੀ ਡਰ ਨਹੀਂ ਸੀ ਕਿ ਇਨ੍ਹਾਂ ਦੁਆਰਾ ਵਰਤੀ ਜਾ ਰਹੀ ਅਣਗਿਹਲੀ ਇਨ੍ਹਾਂ ਦੀ ਜਾਨ ਉੱਤੇ ਵੀ ਭਾਰੀ ਪੈ ਸਕਦੀ ਹੈ। ਕੇਵਲ 5-10 ਮਿੰਟ ਲੇਟ ਹੋਣ ਦੇ ਚੱਕਰ ਵਿਚ ਇਹ ਲੋਕ ਆਪਣੀ ਮੌਤ ਨੂੰ ਦਾਵਤ ਦੇ ਰਹੇ ਸਨ।
ਇਸ ਮੌਕੇ ਜਦੋਂ ਉੱਥੇ ਖੜ੍ਹੇ ਲੋਕਾਂ ਨਾਲ ਗੱਲਬਾਤ ਕੀਤਾ ਤਾਂ ਕੁੱਝ ਲੋਕ ਉੱਥੇ ਅਣਗਿਹਲੀ ਵਰਤ ਰਹੇ ਲੋਕਾਂ ਨੂੰ ਨਸੀਹਤ ਦਿੰਦੇ ਹੋਏ ਨਜ਼ਰ ਆਏ ਤਾਂ ਕਈਆਂ ਨੇ ਰੇਲਵੇ ਫਾਟਕ ਉੱਤੇ ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਦੀ ਗੱਲ ਕਹੀ। ਲੋਕਾਂ ਦਾ ਕਹਿਣਾ ਸੀ ਕਿ ਅੱਜ ਦੇ ਸਮੇਂ ਵਿਚ ਹਰ ਇਕ ਵਿਅਕਤੀ ਕਾਹਲੀ ਵਿਚ ਹੈ ਅਤੇ ਉਹ ਸਮੇਂ ਦੀ ਬਰਬਾਦੀ ਨਾ ਕਰਨ ਕਰਕੇ ਅਜਿਹੀ ਲਾਪਰਵਾਹੀ ਵਰਤਦਾ ਹੈ ਜਿਸ ਕਰਕੇ ਸਰਕਾਰ ਨੂੰ ਫਾਟਕਾਂ ਦੇ ਉੱਤੇ ਬ੍ਰਿਜ ਬਨਾਉਣੇ ਚਾਹੀਦੇ ਹਨ।
ਲੋਕਾਂ ਦੁਆਰਾ ਵਰਤੀ ਜਾ ਰਹੀ ਲਾਪਰਵਾਹੀ ਬਾਰੇ ਜਦੋਂ ਰੇਲਵੇ ਮੁਲਾਜ਼ਮ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਟਰੇਨ ਆਉਣ ਤੋਂ 10 ਮਿੰਟ ਪਹਿਲਾਂ ਫਾਟਕ ਬੰਦ ਕਰ ਦਿੰਦੇ ਹਨ ਪਰ ਫਿਰ ਵੀ ਲੋਕ ਰੁੱਕਦੇ ਨਹੀ ਅਤੇ ਫਾਟਕ ਦੇ ਹੇਠਿਓ ਰੇਲਵੇ ਲਾਈਨ ਕਰੋਸ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਦੇ ਹਨ ਤਾਂ ਉਲਟ ਲੋਕ ਹੀ ਉਨ੍ਹਾਂ ਨੂੰ ਮਾੜੇ ਸ਼ਬਦ ਬੋਲਦੇ ਹਨ ਇਸ ਲਈ ਇੱਥੇ ਕੋਈ ਪੁਲਿਸ ਕਰਮਚਾਰੀ ਤਾਇਨਾਤ ਕਰਨਾ ਚਾਹੀਦਾ ਹੈ।
ਅਕਸਰ ਹੀ ਵੇਖਣ ਵਿਚ ਆਉਂਦਾ ਹੈ ਕਿ ਹਰ ਹਾਦਸੇ ਪਿੱਛੇ ਪ੍ਰਸ਼ਾਸਨ ਨੂੰ ਹੀ ਜਿੰਮੇਵਾਰ ਠਹਿਰਾਇਆ ਜਾਂਦਾ ਹੈ ਪਰ ਕੁੱਝ ਜਿੰਮੇਵਾਰੀ ਜਨਤਾ ਦੀ ਵੀ ਬਣਦੀ ਹੈ ਕਿ ਉਨ੍ਹਾਂ ਨੂੰ ਅਜਿਹੇ ਹਾਦਸਿਆਂ ਨੂੰ ਸੱਦਾ ਦੇਣ ਵਾਲੇ ਕੰਮ ਨਹੀਂ ਕਰਨੇ ਚਾਹੀਦੇ ਹਨ ਅਤੇ ਰੇਲਵੇ ਫਾਟਕ ਖੁਲ੍ਹਣ ਤੋਂ ਬਾਅਦ ਹੀ ਰੇਲਵੇ ਲਾਈਨ ਕਰੋਸ ਕਰਨੀ ਚਾਹੀਦੀ ਹੈ।





