ਲੁਧਿਆਣਾ : ਬੱਦੋਵਾਲ ਫਾਇਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਖ਼ਤਰਨਾਕ ਗੈਂਗਸਟਰ ਅਮਿਤ ਡਾਗਰ ਇੱਕ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਹੈ। ਵੀਰਵਾਰ ਰਾਤ ਜਗਰਾਉਂ ਤੋਂ ਵਾਪਸੀ ਦੌਰਾਨ ਚੌਕੀਮਾਨ ਟੋਲ ਪਲਾਜ਼ਾ ਨੇੜੇ ਪੁਲਿਸ ਦੀ ਗੱਡੀ ਪਲਟ ਗਈ, ਜਿਸ ਵਿੱਚ ਡਾਗਰ ਜ਼ਖਮੀ ਹੋ ਗਿਆ। ਇਸ ਹਾਦਸੇ ਵਿੱਚ ਚਾਰ ਪੁਲਿਸ ਕਰਮਚਾਰੀ ਵੀ ਜ਼ਖ਼ਮੀ ਹੋਏ ਹਨ।
ਮੈਡੀਕਲ ਤੋਂ ਵਾਪਸੀ ਸਮੇਂ ਵਾਪਰਿਆ ਹਾਦਸਾ
ਜਾਣਕਾਰੀ ਅਨੁਸਾਰ ਪੁਲਿਸ ਅਮਿਤ ਡਾਗਰ ਨੂੰ ਮੈਡੀਕਲ ਜਾਂਚ ਲਈ ਜਗਰਾਉਂ ਲੈ ਕੇ ਗਈ ਸੀ। ਰਾਤ ਕਰੀਬ 11:30 ਵਜੇ ਜਦੋਂ ਪੁਲਿਸ ਦੀ ਗੱਡੀ ਵਾਪਸ ਮੁੜ ਰਹੀ ਸੀ ਤਾਂ ਸੰਤੁਲਨ ਵਿਗੜਨ ਕਾਰਨ ਵਾਹਨ ਪਲਟ ਗਿਆ। ਜ਼ਖ਼ਮੀ ਗੈਂਗਸਟਰ ਨੂੰ ਤੁਰੰਤ ਰਾਏਕੋਟ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਅੱਜ ਉਸ ਨੂੰ ਲੁਧਿਆਣਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।
ਕੌਣ ਹੈ ਅਮਿਤ ਡਾਗਰ?
ਅਮਿਤ ਡਾਗਰ ਦਿੱਲੀ-ਗੁਰੂਗ੍ਰਾਮ ਖੇਤਰ ਦੇ ਖ਼ਤਰਨਾਕ ਗੈਂਗਸਟਰ ਕੌਸ਼ਲ ਚੌਧਰੀ ਦਾ ਸਭ ਤੋਂ ਨਜ਼ਦੀਕੀ ਅਤੇ ਭਰੋਸੇਮੰਦ ਸਾਥੀ ਮੰਨਿਆ ਜਾਂਦਾ ਹੈ। ਕੌਸ਼ਲ ਚੌਧਰੀ ‘ਤੇ 30 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਜਾਂਚ ਏਜੰਸੀਆਂ ਮੁਤਾਬਕ ਜੇਲ੍ਹ ਵਿੱਚ ਰਹਿ ਕੇ ਵੀ ਇਹ ਗੈਂਗਸਟਰ ਆਪਣਾ ਨੈੱਟਵਰਕ ਚਲਾ ਰਹੇ ਹਨ ਅਤੇ ਰੰਗਦਾਰੀ (Extortion) ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਬੱਦੋਵਾਲ ਸ਼ੂਟਆਊਟ ਅਤੇ ਪੁਰਾਣਾ ਰਿਕਾਰਡ
10 ਜਨਵਰੀ ਨੂੰ ਲੁਧਿਆਣਾ ਦੇ ਬੱਦੋਵਾਲ ਸਥਿਤ ਇੱਕ ਲਗਜ਼ਰੀ ਕਾਰ ਸ਼ੋਅਰੂਮ ‘ਤੇ 8-10 ਰਾਊਂਡ ਫਾਇਰਿੰਗ ਕੀਤੀ ਗਈ ਸੀ। ਇਸੇ ਮਾਮਲੇ ਵਿੱਚ ਡਾਗਰ ਨੂੰ ਝੱਜਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ। ਇਸ ਦੇ ਨਾਲ ਹੀ ਦੂਜਾ ਮਾਮਲਾ ਡਾਗਰ ਦਾ ਨਾਂ ਉਸ ਵੇਲੇ ਚਰਚਾ ਵਿੱਚ ਆਇਆ ਜਦੋਂ ਉਸ ਨੇ ਆਪਣਾ ਦਬਦਬਾ ਬਣਾਉਣ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ 5 ਕਰੋੜ ਦੀ ਫਿਰੌਤੀ ਮੰਗੀ ਸੀ ਅਤੇ ਉਸ ਦੇ ਗੁਰਗਿਆਂ ਨੇ ਜੈਪੁਰ ਵਿੱਚ ਇੱਕ ਕਤਲ ਵੀ ਕੀਤਾ ਸੀ। ਅਮਿਤ ਡਾਗਰ ‘ਤੇ ਪਹਿਲਾਂ ਇੱਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਸਾਲ 2018 ਵਿੱਚ ਰੇਵਾੜੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ।
ਪੁਲਿਸ ਦੀ ਸਖ਼ਤ ਜਾਂਚ
ਅਕਤੂਬਰ 2025 ਵਿੱਚ ਲੁਧਿਆਣਾ ਦੇ ਪਿੰਡ ਬੇਗੋਆਣਾ ਵਿੱਚ ਇੱਕ ਸੇਵਾਮੁਕਤ ਫ਼ੌਜੀ ਦੇ ਘਰ ਹੋਈ ਫਾਇਰਿੰਗ ਵਿੱਚ ਵੀ ਡਾਗਰ ਦਾ ਹੱਥ ਸਾਹਮਣੇ ਆਇਆ ਸੀ। ਪੁਲਿਸ ਹੁਣ ਇਸ ਹਾਦਸੇ ਅਤੇ ਬੱਦੋਵਾਲ ਸ਼ੂਟਆਊਟ ਦੇ ਸਬੰਧਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਇਸ ਗੈਂਗ ਦੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਤੋੜਿਆ ਜਾ ਸਕੇ।



