ਚੰਡੀਗੜ੍ਹ : ਡਰੱਗ ਕੇਸ ‘ਚ ਬਰਖ਼ਾਸਤ ਪੁਲਿਸ ਅਧਿਕਾਰੀ ਰਾਜਜੀਤ ਸਿੰਘ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਵਿਜੀਲੈਂਸ ਨੇ ਉਸਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਨੇ ਰਾਜਜੀਤ ਸਿੰਘ ਖਿਲਾਫ ਜਾਂਚ ਲਈ ਲੋੜੀਂਦਾ ਪੱਤਰ ਵਿਜੀਲੈਂਸ ਬਿਊਰੋ ਨੂੰ ਭੇਜ ਦਿੱਤਾ ਹੈ। ਸੂਤਰਾਂ ਅਨੁਸਾਰ ਹੁਣ ਰਾਜਜੀਤ ਦੇ ਸਰੋਤਾਂ ਨਾਲੋਂ ਵੱਧ ਆਮਦਨ ਮਾਮਲੇ ਵਿਚ ਸਾਰੇ ਪਰਿਵਾਰਕ ਮੈਂਬਰਾਂ ਦੀਆਂ ਜਾਇਦਾਦਾਂ, ਬੈਂਕ ਖਾਤਿਆਂ ਤੇ ਹੋਰ ਅਸਾਸਿਆਂ ਦੀ ਜਾਂਚ ਕੀਤੀ ਜਾਵੇਗੀ। ਇਸ ਵੇਲੇ ਰਾਜਜੀਤ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ।
ਹਾਈਕੋਰਟ ਵਿੱਚ ਜਾਂਚ ਨੂੰ ਦਿੱਤੀ ਸੀ ਚਣੌਤੀ
ਹਾਈਕੋਰਟ ਨੇ ਐੱਸਐੱਸਪੀ ਮੋਗਾ ਰਾਜਜੀਤ ਸਿੰਘ ਸਣੇ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਸਬੰਧਿਤ ਮਾਮਲੇ ਦੀ ਜਾਂਚ ਦੇ ਹੁਕਮ STF ਨੂੰ ਦਿੱਤੇ ਸਨ। ਰਾਜਜੀਤ ਸਿੰਘ ਨੇ ਹਾਈਕੋਰਟ ਵਿਚ ਅਰਜ਼ੀ ਦਾਇਰ ਕਰਕੇ ਕਿਹਾ ਸੀ ਕਿ STF ਮੁਖੀ ਹਰਪ੍ਰੀਤ ਸਿੰਘ ਸਿੱਧੂ ਉਨ੍ਹਾਂ ਦੇ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਕਰ ਸਕਦੇ ਹਨ।
SIT ਨੇ ਦਿੱਤੀ ਸੀ ਰਿਪੋਰਟ
ਹਾਈਕੋਰਟ ਨੇ ਡੀਜੀਪੀ ਸਿਦਾਰਥ ਚਟੋਪਾਧਿਆਏ, ADGP ਪ੍ਰਭੋਦ ਕੁਮਾਰ ਤੇ ਆਈਡੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਿਟ ਗਠਿਤ ਕਰ ਜਾਂਚ ਦੇ ਹੁਕਮ ਦਿੱਤੇ। ਜਾਂਚ ਕਮੇਟੀ ਨੇ ਆਪਣੀ ਰਿਪੋਰਟ ਹਾਈਕੋਰਟ ਨੂੰ ਸੌਂਪੀ ਸੀ ਜਦੋਂ ਕਿ ਸਿਦਾਰਥ ਚਟੋਪਾਧਿਆਏ ਨੇ 2 ਰਿਪੋਰਟਾਂ ਵੱਖ ਤੋਂ ਸਿੱਧੇ ਹਾਈਕੋਰਟ ਨੂੰ ਸੌਂਪੀ, ਜੋ ਹਾਈਕੋਰਟ ਵਿਚ ਸੀਲਬੰਦ ਲਿਫਾਫੇ ਵਿਚ ਸੀ।
ਡਰੱਗ ਕੇਸ ਵਿਚ ਫਸੇ ਮੋਗਾ ਦੇ ਤਤਕਾਲੀਨ ਐੱਸਐੱਸਪੀ ਰਾਜਜੀਤ ਸਿੰਘ ਤੇ ਇੰਸਪੈਕਟਰ ਇੰਦਰਜੀਤ ਸਿੰਘ ਸਣੇ ਹੋਰ ਅਧਿਕਾਰੀਆਂ ਖਿਲਾਫ ਡੀਜੀਪੀ ਸਿਦਾਰਥ ਚਟੋਪਾਧਇਆਏ ਦੀ SIT ਨੇ ਜਾਂਚ ਦੇ ਬਾਅਦ 2018 ਵਿਚ ਹਾਈਕੋਰਟ ਵਿਚ ਸੀਲਬੰਦ ਰਿਪੋਰਟ ਸੌਂਪੀ ਸੀ। ਇਸ ਤੋਂ ਇਲਾਵਾ ਸਿਦਾਰਥ ਚਟੋਪਾਧਿਆਏ ਵੱਲੋਂ ਇਕ ਹੋਰ ਰਿਪੋਰਟ ਵੀ ਸੌਂਪੀ ਗਈ ਸੀ।

