ਗੁਰਦਾਸਪੁਰ : ਕਣਕ ਦੇ ਸੀਜ਼ਨ ਦੌਰਾਨ ਗੁਦਾਮਾਂ ਦੇ ਬਾਹਰ ਲੱਗੀਆਂ ਟਰੱਕਾਂ ਅਤੇ ਟਰਾਲੀਆਂ ਦੀਆਂ ਬੇਤਹਾਸ਼ਾ ਕਤਾਰਾਂ ਆਮ ਲੋਕਾਂ ਲਈ ਮੁਸੀਬਤ ਦਾ ਸਬੱਬ ਬਣ ਗਈਆਂ ਹਨ। ਕਲਾਨੌਰ ਰੋਡ ‘ਤੇ ਸਥਿਤ ਗੋਦਾਮ ਦੇ ਬਾਹਰ ਲੇਬਰ ਦੀ ਘਾਟ ਕਾਰਨ ਲੱਗੀਆਂ ਲੰਬੀਆਂ ਕਤਾਰਾਂ ਕਾਰਨ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇੱਕ ਤੇਜ਼ ਰਫਤਾਰ ਕਾਰ ਕਣਕ ਦੀਆਂ ਬੋਰੀਆਂ ਨਾਲ ਭਰੀ ਖੜ੍ਹੀ ਟਰਾਲੀ ਵਿੱਚ ਜਾ ਵੱਜੀ, ਜਿਸ ਨਾਲ ਕਾਰ ਦੇ ਪਰਖੱਚੇ ਉੱਡ ਗਏ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਲੇਬਰ ਦੀ ਕਮੀ ਬਣੀ ਹਾਦਸਿਆਂ ਦਾ ਕਾਰਨ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗੋਦਾਮਾਂ ਵਿੱਚ ਲੇਬਰ ਦੀ ਭਾਰੀ ਕਮੀ ਹੈ, ਜਿਸ ਕਾਰਨ ਵਾਹਨਾਂ ਨੂੰ ਖਾਲੀ ਹੋਣ ਵਿੱਚ ਚਾਰ-ਚਾਰ ਦਿਨ ਲੱਗ ਜਾਂਦੇ ਹਨ। ਇਸ ਕਾਰਨ ਗੋਦਾਮ ਦੇ ਦੋਵਾਂ ਪਾਸੇ ਦੋ-ਦੋ ਕਿਲੋਮੀਟਰ ਤੱਕ ਟਰੱਕਾਂ ਅਤੇ ਟਰਾਲੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ, ਜੋ ਅੱਧੀ ਸੜਕ ਘੇਰ ਲੈਂਦੀਆਂ ਹਨ। ਇਹ ਸਥਿਤੀ ਰਾਤ ਦੇ ਸਮੇਂ ਡਰਾਈਵਰਾਂ ਲਈ ਬੇਹੱਦ ਖਤਰਨਾਕ ਸਾਬਤ ਹੋ ਰਹੀ ਹੈ।
ਕਿਸਾਨ ਆਗੂਆਂ ਨੇ ਜਤਾਈ ਸਖ਼ਤ ਨਾਰਾਜ਼ਗੀ
ਮੌਕੇ ‘ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਯੂਥ ਸੂਬਾ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਨੇ ਪ੍ਰਸ਼ਾਸਨ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸੀਜ਼ਨ ਵਿੱਚ ਵੀ ਅਜਿਹੇ ਹੀ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ, ਅਤੇ ਇਸ ਸੀਜ਼ਨ ਦੇ ਪਿਛਲੇ ਚਾਰ-ਪੰਜ ਦਿਨਾਂ ਵਿੱਚ ਹੀ ਤਿੰਨ ਵੱਡੇ ਹਾਦਸੇ ਵਾਪਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਾਰਕਿੰਗ ਦਾ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਅਤੇ ਆਮ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਸ਼ਾਸਨ ਕੋਲੋਂ ਕੀਤੀ ਸਖ਼ਤ ਕਾਰਵਾਈ ਦੀ ਮੰਗ
ਕਿਸਾਨ ਆਗੂ ਨੇ ਮੰਗ ਕੀਤੀ ਹੈ ਕਿ ਗੋਦਾਮ ਅਤੇ ਸੈਲਰ ਮਾਲਕਾਂ ਨੂੰ ਤੁਰੰਤ ਲੋੜੀਂਦੀ ਲੇਬਰ ਦਾ ਇੰਤਜ਼ਾਮ ਕਰਨ ਦੀ ਹਿਦਾਇਤ ਦਿੱਤੀ ਜਾਵੇ ਤਾਂ ਜੋ ਵਾਹਨਾਂ ਨੂੰ ਜਲਦੀ ਖਾਲੀ ਕਰਵਾਇਆ ਜਾ ਸਕੇ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਸੜਕਾਂ ‘ਤੇ ਲੱਗਣ ਵਾਲੇ ਭੀੜ ਨੂੰ ਕੰਟਰੋਲ ਕਰਨ ਲਈ ਸਖ਼ਤ ਨਿਯਮ ਲਾਗੂ ਕੀਤੇ ਜਾਣ।


